ਹਿੰਦੂ ਸਮਾਜ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸਤਾਪਦੀ ਮਨਾਉਣ ਦਾ ਐਲਾਨ

0
WhatsApp Image 2025-10-15 at 8.51.03 PM

ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ ਤੱਕ ਕੱਢਿਆ ਜਾਵੇਗਾ ਨਗਰ ਕੀਰਤਨ

ਚੰਡੀਗੜ੍ਹ, 16 ਅਕਤੂਬਰ 2025

ਸਿੱਖਾਂ ਦੇ ਨੌਵੇਂ ਗੁਰੂ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਸਬੰਧੀ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ (96 ਕਰੋੜੀ) ਚਮਕੌਰ ਸਾਹਿਬ ਵਾਲਿਆਂ ਨੇ ਕਿਹਾ ਕਿ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹਿੰਦੂ ਸੰਗਠਨਾਂ ਦੇ ਨਾਲ ਮਿਲ ਕੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਸੰਗਠਨ ਤੋਂ ਪਰਵਿੰਦਰ ਭੱਟੀ ਤੇ ਐਡਵੋਕੇਟ ਕੇਤਨ ਸ਼ਰਮਾ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਨੂੰ ਸ਼ਹੀਦੀ ਦਿਵਸ ਮੌਕੇ ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ ਚਾਂਦਨੀ ਚੌਂਕ, ਦਿੱਲੀ ਤੱਕ ਨਗਰ ਕੀਰਤਨ ਸਜਾਉਣ ਲਈ ਵਿਚਾਰ ਕੀਤਾ ਸੀ। ਜਿਸ ਤੋਂ ਬਾਅਦ ਉਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਇਸ ਸ਼ਹੀਦੀ ਸਤਾਪਦੀ ਨੂੰ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹਿੰਦੂ ਸੰਗਠਨ ਤੋਂ ਪਰਮਿੰਦਰ ਭੱਟੀ ਤੇ ਐਡਵੋਕੇਟ ਕੇਤਨ ਸ਼ਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਬੁਲਾਵੇ ‘ਤੇ ਧਰਮ ਦੀ ਰੱਖਿਆ ਲਈ ਆਪਣੀ ਸਹਾਦਤ ਦੇਣ ਦਿੱਲੀ ਪਹੁੰਚੇ ਸਨ, ਉਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਨਿਸ਼ਾਨ ਸਾਹਿਬ, ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਪੀਐਮਓ ਦਿੱਲੀ ਤੱਕ ਆਪਣੀਆਂ ਕੁਝ ਮੰਗਾਂ ਵੀ ਲੈ ਕੇ ਜਾਣਗੇ। ਜਿਨ੍ਹਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੱਕ ਜਾਂਦੇ ਕੌਮੀ ਮਾਰਗ ਦਾ ਨਾਮ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਰੱਖਣਾ, ਬਾਹਰੋਂ ਆਏ ਲੋਕਾਂ ਦੀ ਬਜਾਏ ਬੱਚਿਆਂ ਨੂੰ ਕਿਤਾਬਾਂ ਵਿੱਚ ਸਿੱਖ ਗੁਰੂਆਂ ਬਾਰੇ ਪਹਿਲ ਦੇ ਆਧਾਰ ‘ਤੇ ਪੜ੍ਹਾਉਣਾ ਅਤੇ ਚਾਂਦਨੀ ਚੌਂਕ ਦਿੱਲੀ ਵਿਖੇ ਕੋਰੀਡੋਰ ਬਣਾਉਣਾ ਆਦਿ ਸ਼ਾਮਿਲ ਹਨ।

ਇਸ ਮੌਕੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ (96 ਕਰੋੜੀ) ਚਮਕੌਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬਾਬਾ ਮਾਨ ਸਿੰਘ ਜੀ, ਬਾਬਾ ਮਨਿੰਦਰ ਸਿੰਘ ਜੀ, ਬਾਬਾ ਸ਼ੇਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਸਮਰਾਲਾ, ਦਿਲਪ੍ਰੀਤ ਸਿੰਘ, ਪ੍ਰਦੀਪ ਸਿੰਘ ਤੇ ਪਰਗਟ ਸਿੰਘ (ਕੌਮੀ ਇਨਸਾਫ਼ ਮੋਰਚਾ) ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *