ਹੁਣ ਹਿਮਾਚਲ ਨੇ ਭਾਖੜਾ ਬੋਰਡ ਦੇ ਪ੍ਰਾਜੈਕਟਾਂ ਵਿਚੋਂ 12 ਫ਼ੀ ਸਦੀ ਬਿਜਲੀ ਮੰਗੀ


ਮੁੱਖ ਮੰਤਰੀ ਸੁੱਖੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਕਿਹਾ, ਭਾਖੜਾ ਬੋਰਡ ਵਿਚ ਸੂਬੇ ਨੂੰ ਸਥਾਈ ਪ੍ਰਤੀਨਿਧਤਾ ਵੀ ਦਿਤੀ ਜਾਵੇ
(ਨਿਊਜ਼ ਟਾਊਨ ਨੈਟਵਰਕ)
ਸ਼ਿਮਲਾ/ਨਵੀਂ ਦਿੱਲੀ, 24 ਜੂਨ : ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਪ੍ਰਾਜੈਕਟਾਂ ਤੋਂ 12 ਫ਼ੀ ਸਦੀ ਮੁਫ਼ਤ ਬਿਜਲੀ ਦੀ ਮੰਗ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਪ੍ਰਮਾਣਤ ਸਾਰੇ ਪਣ-ਬਿਜਲੀ ਪ੍ਰਾਜੈਕਟ ਮੁਫ਼ਤ ਬਿਜਲੀ ਪ੍ਰਦਾਨ ਕਰ ਰਹੇ ਹਨ ਜਦਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਪ੍ਰਾਜੈਕਟ ਸੂਬੇ ਨੂੰ ਕੋਈ ਮੁਫ਼ਤ ਬਿਜਲੀ ਨਹੀਂ ਦੇ ਰਹੇ ਹਨ। ਉਨ੍ਹਾਂ ਲਿਖਿਆ, ‘‘ਰਾਜ ਨੂੰ ਨੁਕਸਾਨ ਹੋਇਆ ਹੈ ਕਿਉਂਕਿ ਉਸ ਨੂੰ ਉਸ ਦਾ ਹੱਕ ਨਹੀਂ ਮਿਲਿਆ। ਹੁਣ ਤੁਹਾਡੇ ਦਖ਼ਲ ਨਾਲ ਇਸ ਇਤਿਹਾਸਕ ਗ਼ਲਤੀ ਨੂੰ ਬੀਬੀਐਮਬੀ ਪ੍ਰਾਜੈਕਟਾਂ ਤੋਂ ਹਿਮਾਚਲ ਪ੍ਰਦੇਸ਼ ਨੂੰ 12 ਫ਼ੀ ਸਦੀ ਮੁਫ਼ਤ ਬਿਜਲੀ ਪ੍ਰਦਾਨ ਕਰਕੇ ਸੁਧਾਰਿਆ ਜਾ ਸਕਦਾ ਹੈ।’’ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਲਿਖੇ ਇਕ ਵੱਖਰੇ ਪੱਤਰ ਵਿਚ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਉਹ ਐਸ.ਜੇ.ਵੀ.ਐਨ ਨੂੰ ਸਥਾਨਕ ਖੇਤਰ ਵਿਕਾਸ ਫ਼ੰਡ ਲਈ ਐਸ.ਜੇ.ਵੀ.ਐਨ ਦੇ ਰਾਮਪੁਰ ਪਾਵਰ ਪ੍ਰਾਜੈਕਟ ਦੀ ਤਰਜ ’ਤੇ ਪ੍ਰਾਜੈਕਟ ਪ੍ਰਭਾਵਤ ਪਰਵਾਰਾਂ ਦੇ ਵਡੇਰੇ ਹਿੱਤ ਵਿਚ ਨਾਥਪਾ ਝਾਖੜੀ ਪਾਵਰ ਪ੍ਰਾਜੈਕਟ ਤੋਂ 1 ਫ਼ੀ ਸਦੀ ਵਾਧੂ ਮੁਫ਼ਤ ਬਿਜਲੀ ਪ੍ਰਦਾਨ ਕਰਨ ਲਈ ਨਿਰਦੇਸ਼ ਦੇਣ। ਸੁੱਖੂ ਨੇ ਬਿਜਲੀ ਮੰਤਰੀ ਨੂੰ ਹਿਮਾਚਲ ਪ੍ਰਦੇਸ਼ ਤੋਂ ਇਕ ਪੂਰੇ ਸਮੇਂ ਦਾ ਮੈਂਬਰ ਨਿਯੁਕਤ ਕਰ ਕੇ ਭਾਖੜਾ ਬੋਰਡ ਵਿਚ ਹਿਮਾਚਲ ਪ੍ਰਦੇਸ਼ ਦੀ ਪ੍ਰਤੀਨਿਧਤਾ ਯਕੀਨੀ ਬਣਾਉਣ ਦੀ ਬੇਨਤੀ ਵੀ ਕੀਤੀ। ਪੱਤਰ ਵਿਚ ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਧਰਾਂ ’ਤੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਸੂਬੇ ਨੂੰ ਭਾਖੜਾ ਬੋਰਡ ਵਿਚ ਪੂਰੇ ਸਮੇਂ ਦੇ ਮੈਂਬਰ ਵਜੋਂ ਉਸ ਦੀ ਬਣਦੀ ਪ੍ਰਤੀਨਿਧਤਾ ਨਹੀਂ ਦਿਤੀ ਗਈ। ਮੁੱਖ ਮੰਤਰੀ ਸੁੱਖੂ ਨੇ ਅਪਣੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਨੂੰ ਵੀ ਇਕ ਪੱਤਰ ਲਿਖਿਆ ਹੈ ਜਿਸ ਵਿਚ ਹਰਿਆਣਾ ਨੂੰ ਅਗਲੀ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਬੀਬੀਐਮਬੀ ਨੂੰ 6 ਫ਼ੀ ਸਦੀ ਵਿਆਜ ਸਮੇਤ ਬਿਜਲੀ ਬਕਾਏ ਦਾ ਆਪਣਾ ਹਿੱਸਾ ਅਦਾ ਕਰਨ ਲਈ ਲਿਖਤੀ ਰੂਪ ਵਿਚ ਸਹਿਮਤ ਹੋਣ ਲਈ ਕਿਹਾ ਹੈ।
