ਪ੍ਰਿੰਸੀਪਲਾਂ ਤੇ ਹੈੱਡ ਮਾਸਟਰਾਂ ਨੂੰ ਉੱਚੇਰੀ ਜ਼ਿੰਮੇਦਾਰੀ ਦਾ ਲਾਭ ਨਾ ਦੇਣ ਬਾਰੇ ਹਾਈ ਕੋਰਟ ਨੇ ਮੰਗਿਆ ਜਵਾਬ


(ਦੁਰਗੇਸ਼ ਗਾਜਰੀ)
ਚੰਡੀਗੜ੍ਹ, 17 ਸਤੰਬਰ : ਅੱਜ ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਕੰਮ ਕਰਦੇ ਪ੍ਰਿੰਸੀਪਲਾਂ ਅਤੇ ਹੈਡ ਮਾਸਟਰਾਂ ਦੀ ਇਕ ਪਟੀਸ਼ਨ ਜਿਸ ਵਿਚ, ਮਾਸਟਰ ਕਾਡਰ ਵਿਚੋਂ ਟੈਸਟ ਦੇ ਕੇ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਬਣੇ ਇਨ੍ਹਾਂ ਗਜ਼ਟਿਡ ਅਧਿਕਾਰੀਆਂ ਨੂੰ ਉਚੇਰੀ ਜ਼ਿੰਮਦਾਰੀ ਦਾ ਲਾਭ ਦੇਣ ਦੀ ਮੰਗ ਕੀਤੀ ਗਈ ਹੈ, ਉਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 16 ਫ਼ਰਵਰੀ, 2026 ਤਕ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਫ਼ਰਵਰੀ ਨੂੰ ਹੋਵੇਗੀ। ਮੁਹੰਮਦ ਅਸਲਮ ਬਨਾਮ ਪੰਜਾਬ ਸਰਕਾਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਐਡਵੋਕੇਟ ਆਰ.ਕੇ. ਸਮਿਆਲ ਨੇ ਦੱਸਿਆ ਕਿ ਅਦਾਲਤ ਨੇ ਪੱਖ ਸੁਣਨ ਤੋਂ ਬਾਅਦ ਪੰਜਾਬ ਸਰਕਾਰ, ਵਿੱਤ ਵਿਭਾਗ ਅਤੇ ਸਿੱਖਿਆ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨੂੰ ਜਵਾਬ ਦਾਖ਼ਲ ਕਰਨ ਲਈ ਆਖਿਆ ਹੈ। ਜ਼ਿਰਕਯੋਗ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿਚ ਹੀ ਮਾਸਟਰ ਕਾਡਰ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਪ੍ਰੀਖਿਆ ਲੈ ਕੇ ਜਨਵਰੀ 2020 ਵਿਚ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਨਿਯੁਕਤ ਕੀਤਾ ਸੀ। ਇਹ ਉਹ ਅਧਿਆਪਕ ਸਨ ਜਿਹੜੇ ਸਿੱਖਿਆ ਵਿਭਾਗ ਵਿਚ 2006 ਤੋਂ ਅਪਣੀਆਂ ਸੇਵਾਵਾਂ ਦੇ ਰਹੇ ਸਨ। 2020 ਦੇ ਦਸੰਬਰ ਮਹੀਨੇ ਵਿਚ ਇਨ੍ਹਾਂ ਅਧਿਆਪਕਾਂ ਨੂੰ ਸੇਵਾ ਦੇ 14 ਸਾਲ ਪੂਰੇ ਹੋਣ ਤੋਂ ਬਾਅਦ ਇਕ ਤਰੱਕੀ ਦਾ ਵਾਧੂ ਲਾਭ ਮਿਲਣਾ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਕਾਡਰ ਵਿਚ ਚਲੇ ਜਾਣ ਕਾਰਨ ਇਨ੍ਹਾਂ ਨੂੰ 14 ਸਾਲਾ ਸੇਵਾ ਦਾ ਲਾਭ ਨਾ ਮਿਲ ਸਕਿਆ। ਪ੍ਰਿੰਸੀਪਲ ਤੇ ਹੈੱਡ ਮਾਸਟਰ ਕਾਡਰ ਵਿਚ ਨਿਯੁਕਤ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਨ੍ਹਾਂ ਨੂੰ ਉਚੇਰੀ ਜ਼ਿੰਮੇਦਾਰੀ ਦਾ ਲਾਭ ਵੀ ਨਾ ਦਿਤਾ ਜਿਸ ਕਾਰਨ ਇਨ੍ਹਾਂ ਦੀਆਂ ਤਨਖ਼ਾਹਾਂ, ਪਿਛਲੇ ਮਾਸਟਰ ਕਾਡਰ ਵਿਚ ਕੰਮ ਕਰਦੇ ਅਧਿਆਪਕਾਂ ਨਾਲੋਂ ਵੀ ਘੱਟ ਹੋ ਗਈਆਂ। ਇਸੇ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਇਕੱਤਰ ਹੋ ਕੇ ਪ੍ਰਿੰਸੀਪਲਾਂ ਤੇ ਹੈੱਡ ਮਾਸਟਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵੱਜ਼ਾ ਖਟਖਟਾਇਆ ਹੈ। ਹੈੱਡ ਮਾਸਟਰਾਂ ਨੇ ਅਪਣੀ ਜਥੇਬੰਦੀ ਹੈੱਡ ਮਾਸਟਰ ਐਸੋਸੀਏਸ਼ਨ ਪੰਜਾਬ ਰਾਹੀਂ ਮੁੱਖ ਮੰਤਰੀ ਤੋਂ ਲੈ ਕੇ ਵਿਭਾਗ ਵਿਚ ਉੱਚ ਅਹੁੱਦਿਆਂ ਉਤੇ ਬਿਰਾਜਮਾਨ ਹਰ ਅਧਿਕਾਰੀ ਕੋਲ ਉੱਚੇਰੀ ਜ਼ਿੰਮੇਦਾਰੀ ਦੇ ਲਾਭ ਲਈ ਅਰਜੋਈ ਕੀਤੀ ਸੀ ਪਰ ਕਿਤੇ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਨੇ ਅਦਾਲਤ ਦਾ ਰੁਖ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਵਡੇਰੇ ਕਾਡਰ ਵਿਚ ਜਾਣ ਸਮੇਂ ਤਨਖ਼ਾਹ ਪ੍ਰੋਟੈਕਟ ਕੀਤੀ ਗਈ। ਤਿੰਨ ਸਾਲ ਦਾ ਪਰਖ ਸਮਾਂ ਪਾਰ ਹੋਣ ਤੋਂ ਬਾਅਦ ਸਾਲਾਨਾ ਤਰੱਕੀਆਂ ਵੀ ਦਿਤੀਆਂ ਗਈਆਂ ਪਰ ਉੱਚੇ ਕਾਡਰ ਵਿਚ ਜਾਣ ਦਾ ਲਾਭ ਨਾ ਦੇਣ ਕਾਰਨ ਇਨ੍ਹਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਪਿਛਲੇ ਕਾਡਰ ਵਾਲੇ ਸਾਥੀ ਕਰਮਚਾਰੀਆਂ ਨਾਲੋਂ ਘੱਟ ਰਹਿ ਗਈਆਂ ਜਿਸ ਕਾਰਨ ਇਨ੍ਹਾਂ ਵਿਚ ਰੋਸ ਦੀ ਭਾਵਨਾ ਪੈਦਾ ਹੋ ਚੁੱਕੀ ਹੈ।