ਹਾਈ ਕੋਰਟ ਵਲੋਂ ਰਾਮਦੇਵ ਨੂੰ ਝਟਕਾ, ਇਸ਼ਤਿਹਾਰ ਉਤੇ ਰੋਕ ਲਾਈ


ਨਵੀਂ ਦਿੱਲੀ, 3 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਹਾਈ ਕੋਰਟ ਨੇ ਅੱਜ ਨੂੰ ਪਤੰਜਲੀ ਨੂੰ ਡਾਬਰ ਚਵਨਪ੍ਰਾਸ਼ ਵਿਰੁਧ ਕੋਈ ਵੀ ਨਕਾਰਾਤਮਕ ਜਾਂ ਗੁਮਰਾਹਕੁਨ ਇਸ਼ਤਿਹਾਰ ਨਾ ਦਿਖਾਉਣ ਦਾ ਨਿਰਦੇਸ਼ ਦਿਤਾ। ਇਹ ਹੁਕਮ ਜਸਟਿਸ ਮਿੰਨੀ ਪੁਸ਼ਕਰਨ ਨੇ ਡਾਬਰ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਦਿਤਾ। ਡਾਬਰ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਅਜਿਹੇ ਇਸ਼ਤਿਹਾਰ ਨਾ ਸਿਰਫ਼ ਉਨ੍ਹਾਂ ਦੇ ਉਤਪਾਦ ਨੂੰ ਬਦਨਾਮ ਕਰਦੇ ਹਨ ਬਲਕਿ ਖਪਤਕਾਰਾਂ ਨੂੰ ਵੀ ਗੁਮਰਾਹ ਕਰਦੇ ਹਨ। ਚਵਨਪ੍ਰਾਸ਼ ਇਕ ਰਵਾਇਤੀ ਆਯੁਰਵੈਦਿਕ ਦਵਾਈ ਹੈ, ਜਿਸ ਨੂੰ ਡਰੱਗਜ਼ ਅਤੇ ਕਾਸਮੈਟਿਕਸ ਐਕਟ ਤਹਿਤ ਨਿਯਮਾਂ ਅਨੁਸਾਰ ਬਣਾਇਆ ਜਾਣਾ ਹੁੰਦਾ ਹੈ। ਅਜਿਹੀ ਸਥਿਤੀ ਵਿਚ ਦੂਜੇ ਬ੍ਰਾਂਡਾਂ ਨੂੰ ਜੈਨੇਰਿਕ ਕਹਿਣਾ ਗ਼ਲਤ, ਗੁਮਰਾਹਕੁਨ ਅਤੇ ਨੁਕਸਾਨਦੇਹ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵੇਗੀ। ਇਸ ਸਮੇਂ ਪਤੰਜਲੀ ਚਵਨਪ੍ਰਾਸ਼ ਦੇ ਇਸ਼ਤਿਹਾਰ ਤੇ ਪਾਬੰਦੀ ਲਗਾਈ ਗਈ ਹੈ। ਮਾਮਲੇ ਵਿਚ ਡਾਬਰ ਵਲੋਂ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਵਕਾਲਤ ਕੀਤੀ ਜਦਕਿ ਪਤੰਜਲੀ ਵਲੋਂ ਸੀਨੀਅਰ ਵਕੀਲ ਰਾਜੀਵ ਨਾਇਰ ਅਤੇ ਜਯੰਤ ਮਹਿਤਾ ਪੇਸ਼ ਹੋਏ।
