ਜੇਲ ਦੀ ਬਜਾਏ ਹਸਪਤਾਲ ‘ਚ ਭਰਤੀ ਹੋ ਕੇ ਬੁੱਲੇ ਲੁੱਟ ਰਿਹਾ ਹੈ ਜਰਨੈਲ ਸਿੰਘ ਬਾਜਵਾ


ਹਾਈ ਕੋਰਟ ਹੋਈ ਸਖ਼ਤ, ਰੋਪੜ ਦੇ ਮੁੱਖ ਮੈਡੀਕਲ ਅਫ਼ਸਰ ਤੋਂ ਰਿਕਾਰਡ ਕੀਤਾ ਤਲਬ
ਮੁਕੱਦਮੇ ਦਰਜ ਕਰਾਉਣ ਵਾਲਿਆਂ ਨੂੰ ਡਰਾਈਵਰ ਦੇ ਫ਼ੋਨ ਤੋਂ ਮਿਲ ਰਹੀਆਂ ਧਮਕੀਆਂ
(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 11 ਜੁਲਾਈ : ਜ਼ਮੀਨਾਂ ਦੇ ਘਪਲਿਆਂ ਅਤੇ ਇਕ ਪਲਾਟ ਦੋ-ਦੋ ਲੋਕਾਂ ਨੂੰ ਵੇਚਣ ਦੇ ਮਾਮਲਿਆਂ ਕਾਰਨ ਜੇਲ ਵਿਚ ਬੰਦ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਬਾਰੇ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਕਿ ਸੂਬੇ ਦੀ ਕਾਨੂੰਨ-ਵਿਵਸਥਾ ਉਤੇ ਹੀ ਸਵਾਲ ਖੜੇ ਹੋ ਗਏ ਹਨ। ਪਤਾ ਲੱਗਾ ਹੈ ਕਿ ਮੁਲਜ਼ਮ ਜਰਨੈਲ ਸਿੰਘ ਬਾਜਵਾ ਜੇਲ ਦੀ ਬਜਾਏ ਹਸਪਤਾਲ ਵਿਚ ਰਹਿ ਰਿਹਾ ਹੈ। ਇਹੀ ਹੀ ਨਹੀਂ, ਹਸਪਤਾਲ ਵਿਚ ਪੁਲਿਸ ਦੀ ਮਦਦ ਨਾਲ, ਉਨ੍ਹਾਂ ਦੇ ਡਰਾਈਵਰ ਅਤੇ ਸਟਾਫ਼ ਦੇ ਫ਼ੋਨਾਂ ਦੀ ਵਰਤੋਂ ਕਰਕੇ ਉਨ੍ਹਾਂ ਵਿਰੁਧ ਸ਼ਿਕਾਇਤ ਕਰਨ ਵਾਲਿਆਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਪੜ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਨੂੰ ਹੁਕਮ ਦਿਤਾ ਹੈ ਕਿ ਉਹ ਸੋਮਵਾਰ ਤਕ ਬਾਜਵਾ ਦੀ ਮੈਡੀਕਲ ਰਿਪੋਰਟ ਹਾਈ ਕੋਰਟ ਵਿਚ ਪੇਸ਼ ਕਰੇ। ਹਾਈ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਹਿਰਾਸਤ ਦੌਰਾਨ ਬਾਜਵਾ ਨੂੰ ਜੇਲ ਦੀ ਬਜਾਏ ਹਸਪਤਾਲ ਵਿਚ ਕਿਵੇਂ ਰੱਖਿਆ ਜਾ ਰਿਹਾ ਹੈ? ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਰਵਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਵਲੋਂ ਅਦਾਲਤ ਵਿਚ ਦਾਖ਼ਲ ਕੀਤੀ ਪਟੀਸ਼ਨ ਉਤੇ ਸੁਣਵਾਈ ਕਰਦਿਆਂ ਇਹ ਆਦੇਸ਼ ਦਿਤੇ ਹਨ। ਅਰਵਿੰਦਰ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਸ ਨੂੰ ਜਰਨੈਲ ਸਿੰਘ ਬਾਜਵਾ ਤੋਂ ਜਾਨ ਦਾ ਖ਼ਤਰਾ ਹੈ। ਪਟੀਸ਼ਨ ਕਰਤਾ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਜਰਨੈਲ ਬਾਜਵਾ ਵਿਰੁਧ ਲਗਭਗ 60 ਅਪਰਾਧਕ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਹਿਰਾਸਤ ਵਿਚ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਪਟੀਸ਼ਨਕਰਤਾਵਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿਉਂਕਿ ਪਟੀਸ਼ਨਕਰਤਾ ਨਾ ਸਿਰਫ਼ ਬਾਜਵਾ ਵਿਰੁਧ ਇਕ ਕੇਸ ਵਿਚ ਸ਼ਿਕਾਇਤਕਰਤਾ ਹੈ ਬਲਕਿ ਕਈ ਹੋਰ ਪੀੜਤਾਂ ਦੀ ਵੀ ਮਦਦ ਕਰ ਰਿਹਾ ਹੈ। ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜਰਨੈਲ ਸਿੰਘ ਬਾਜਵਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਇਸ ਸਮੇਂ ਰੋਪੜ ਦੇ ਸਿਵਲ ਹਸਪਤਾਲ ਵਿਚ ਹਨ। ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਕਿ ਬਾਜਵਾ ਹਸਪਤਾਲ ਵਿਚ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਅਪਣੇ ਸਟਾਫ਼ ਦੇ ਫ਼ੋਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ। ਹਾਈ ਕੋਰਟ ਨੇ ਇਸ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਹੁਣ ਰੋਪੜ ਦੇ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ ਨੂੰ 14 ਜੁਲਾਈ ਨੂੰ ਹਾਈ ਕੋਰਟ ਵਿਚ ਬਾਜਵਾ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ।
