ਭਾਰੀਂ ਮੀਂਹ ਨੇ ਫ਼ਿਰੋਜ਼ਪੁਰ ‘ਚ ਮਚਾਈ ਤਬਾਹੀ !


ਫ਼ਿਰੋਜ਼ਪੁਰ , 27 ਅਗਸਤ ( ਨਿਊਜ਼ ਟਾਊਨ ਨੈੱਟਵਰਕ ) :
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨੇ ਇਲਾਕੇ ਵਿਚ ਕਾਫੀ ਤਬਾਹੀ ਮਚਾਈ ਹੋਈ ਹੈ। ਇਸ ਬਾਰਿਸ਼ ਕਾਰਨ ਪਿੰਡ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਘੁੱਲਾ ਸਿੰਘ ਪੁੱਤਰ ਮਲੂਕ ਸਿੰਘ ਦਾ ਕਮਰਾ ਢਹਿ ਗਿਆ।
ਮਜ਼ਦੂਰ ਘੁੱਲਾ ਸਿੰਘ ਨੇ ਆਖਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਕੇ ਆਪਣੇ ਪਰਿਵਾਰ ਦਾ ਗੁਜਾਰਾ ਮੁਸ਼ਕਲ ਨਾਲ ਕਰ ਰਿਹਾ ਸੀ, ਕਮਰਾ ਢਹਿਣ ਨਾਲ ਅੰਦਰ ਪਿਆ ਸਮਾਨ ਵੀ ਖਰਾਬ ਹੋ ਗਿਆ, ਜਿਸ ਨਾਲ ਪਰਿਵਾਰ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਘੁੱਲਾ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਕਮਰੇ ਵਿਚ ਹੀ ਮਾਲ-ਡੰਗਰ ਸਮੇਤ ਹੋਰ ਜ਼ਰੂਰੀ ਸਮਾਨ ਰੱਖਿਆ ਹੋਇਆ ਸੀ। ਹੁਣ ਕਮਰਾ ਪੂਰੀ ਤਰ੍ਹਾਂ ਢਹਿ ਜਾਣ ਕਰਕੇ ਉਸਦੀ ਆਰਥਿਕ ਹਾਲਤ ਹੋਰ ਵੀ ਖਰਾਬ ਹੋ ਗਈ ਹੈ।
ਉਸਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਸ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਜਾਂਚ ਕਰਕੇ ਉਸਨੂੰ ਵਾਜਬ ਮੁਆਵਜ਼ਾ ਦਿੱਤਾ ਜਾਵੇ। ਪਿੰਡ ਦੇ ਲੋਕਾਂ ਨੇ ਵੀ ਹਮਦਰਦੀ ਜਤਾਉਂਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਘੁੱਲਾ ਸਿੰਘ ਵਰਗੇ ਗਰੀਬ ਪਰਿਵਾਰਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ।