ਬਹੁ-ਕਰੋੜੀ ਜ਼ਮੀਨ ਨੂੰ ਲੀਜ਼ ਉਤੇ ਦੇਣ ਬਾਰੇ 3 ਸਤੰਬਰ ਨੂੰ ਹੋਵੇਗੀ ਸੁਣਵਾਈ


ਵਕਫ਼ ਬੋਰਡ ਦੇ ਜਾਂਚ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਸਬੂਤਾਂ ਸਮੇਤ ਰਾਜਪੁਰਾ ਸੱਦਿਆ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 1 ਸਤੰਬਰ : ਪੰਜਾਬ ਵਕਫ਼ ਬੋਰਡ ਵਲੋਂ ਬਹੁ-ਕਰੋੜੀ ਜ਼ਮੀਨ ਦੀ ਪੁਰਾਣੀ ਲੀਜ਼ ਰੱਦ ਕੀਤੇ ਬਿਨਾਂ ਉਸ ਜ਼ਮੀਨ ਦੀ ਨਵੀਂ ਪਾਰਟੀ ਕੋਲ ਲੀਜ਼ ਦੇਣ ਦੇ ਮਾਮਲੇ ਬਾਰੇ ਚੰਡੀਗੜ੍ਹ ਵਾਸੀ ਸੇਵਾ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਲਈ ਜਾਂਚ ਅਧਿਕਾਰੀ ਤਹਿਸੀਲਦਾਰ ਬਲਵਿੰਦਰ ਸਿੰਘ ਨੇ 3 ਸਤੰਬਰ ਦਾ ਸਮਾਂ ਨਿਸ਼ਚਿਤ ਕੀਤਾ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਸੇਵਾ ਸਿੰਘ ਨੂੰ ਲਿਖੇ ਪੱਤਰ ਵਿਚ ਰਾਜਪੁਰਾ ਵਿਖੇ ਸਥਿਤ ਦਫ਼ਤਰ ਵਿਚ ਸਬੂਤਾਂ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਯਾਦ ਰਹੇ ਕਿ ਮੋਹਾਲੀ ਦੀ ਤਹਿਸੀਲ ਖਰੜ ਵਿਚ 23480 ਵਰਗ ਗਜ਼ ਜਿਸ ਦੀ ਲੀਜ਼ ਪਹਿਲਾਂ ਹੀ ਮੋਹਾਲੀ ਦੇ ਇਕ ਵੱਡੇ ਬਿਲਡਰ ਕੋਲ ਹੈ, ਦੀ ਲੀਜ਼ ਰੱਦ ਕੀਤੇ ਬਿਨਾਂ ਇਸ ਜ਼ਮੀਨ ਨੂੰ ਕਿਸੇ ਹੋਰ ਪਾਰਟੀ ਨੂੰ ਲੀਜ਼ ਉਤੇ ਦਿਤੇ ਜਾਣ ਲਈ 11 ਅਗਸਤ ਨੂੰ ਬੋਲੀ ਰੱਖੀ ਗਈ ਸੀ। ਸੇਵਾ ਸਿੰਘ 11 ਅਗਸਤ ਨੂੰ ਸਾਰਾ ਦਿਨ ਰਾਜਪੁਰਾ ਦਫ਼ਤਰ ਵਿਚ ਬੈਠਾ ਰਿਹਾ ਪਰ ਉਸ ਨੂੰ ਬੋਲੀ ਵਿਚ ਸ਼ਾਮਲ ਨਾ ਕਰਦਿਆਂ ਨਵੀਂ ਪਾਰਟੀ ਨੂੰ ਜ਼ਮੀਨ ਲੀਜ਼ ਉਤੇ ਦੇਣ ਦੀ ਪ੍ਰਕਿਰਿਆ ਪੂਰੀ ਕਰ ਲਈ। ਬੋਰਡ ਨੇ ਸ਼ਿਾਕਇਤ ਤੋਂ ਬਾਅਦ ਇਸ ਜ਼ਮੀਨ ਦੀ ਲੀਜ਼ ਫ਼ਿਲਹਾਲ ਰੋਕ ਲਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਜਗ੍ਹਾ ਨੂੰ ਖਾਲੀ ਵਿਖਾ ਕੇ ਬੋਲੀ ਕਰਵਾਈ ਗਈ ਹੈ ਜਦਕਿ ਇਸ ਉਪਰ ਪਿਛਲੇ 15 ਸਾਲ ਤੋਂ ਸਕੂਲ ਬਣਿਆ ਹੋਇਆ ਹੈ। ਬੋਰਡ ਕੋਲ ਇਸ ਵੇਲੇ ਜ਼ਮੀਨ ਦਾ ਕਬਜ਼ਾ ਵੀ ਨਹੀਂ ਹੈ। ਬਿਨਾਂ ਕਬਜ਼ਾ ਲਏ ਖ਼ਾਸ ਦਿਲਚਸਪੀ ਲੈ ਕੇ ਕਿਸੇ ਖ਼ਾਸ ਵਿਅਕਤੀ ਦੇ ਹੱਕ ਵਿਚ ਬੋਲੀ ਕਰਨ ਪਿੱਛੇ ਕਰੋੜਾਂ ਦੇ ਲੈਣ-ਦੇਣ ਦਾ ਦਾ ਦੋਸ਼ ਲੱਗਾ ਹੈ। ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਵਿਜ਼ੀਲੈਂਸ ਬਿਊਰੋ ਕੋਲ ਵੀ ਕੀਤੀ ਗਈ ਹੈ।