ਆਪਣੇ ਪਿਤਾ ਦੀ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ !


ਰੋਹਤਕ, 15 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਮੋਬਾਈਲ ਗੇਮ ਦੀ ਲਤ ਨੇ ਇਕ ਹੋਰ ਹੋਣਹਾਰ ਨੌਜਵਾਨ ਦੀ ਜਾਨ ਲੈ ਲਈ ਹੈ। ਅਜ਼ਾਦਗੜ੍ਹ ਵਿਚ ਰਹਿਣ ਵਾਲੇ ਵਕੀਲ ਸ਼ਕਤੀ ਸਿੰਘ ਦੇ ਪੁੱਤਰ 19 ਸਾਲਾ ਭਾਵੇਸ਼ ਨੇ ਐਤਵਾਰ ਸ਼ਾਮ ਕਰੀਬ ਚਾਰ ਵਜੇ ਆਪਣੇ ਬਾਪ ਦੀ ਲਾਇਸੈਂਸੀ ਪਿਸਤੌਲ ਨਾਲ ਆਪਣੀ ਕੰਨਪਟੀ ’ਤੇ ਗੋਲੀ ਮਾਰ ਕੇ ਜਾਨ ਦੇ ਦਿੱਤੀ। ਭਾਵੇਸ਼, ਬੀ ਫਾਰਮੇਸ਼ੀ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਸੀ। ਪੁਲਿਸ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭਾਵੇਸ਼ ਮੋਬਾਈਲ ਫੋਨ ’ਤੇ ਕਈ ਕਈ ਘੰਟੇ ਗੇਮਾਂ ਖੇਡਦਾ ਰਹਿੰਦਾ ਸੀ। ਪਰਿਵਾਰ ਮੁਤਾਬਕ ਉਨ੍ਹਾਂ ਨੇ ਇਸ ਨੌਜਵਾਨ ਨੂੰ ਸਮਝਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਚਿੜਚਿੜਾ ਹੁੰਦਾ ਜਾਂਦਾ ਸੀ। ਹੁਣ ਇਹ ਹਾਲਤ ਹੋ ਗਈ ਸੀ ਕਿ ਉਹ ਕਿਸੇ ਨਾਲ ਗੱਲ ਕਰਨ ਤੋਂ ਕਤਰਾਉਣ ਲੱਗ ਪਿਆ ਸੀ।
ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ ਚਾਰ ਵਜੇ ਇਹ ਨੌਜਵਾਨ ਆਪਣੇ ਕਮਰੇ ਵਿਚ ਇਕੱਲਾ ਬੈਠਾ ਸੀ। ਉਸ ਦਾ ਵੱਡਾ ਵੀਰ ਦੂਜੇ ਕਮਰੇ ਵਿਚ ਸੁੱਤਾ ਪਿਆ ਸੀ। ਉਦੋਂ ਅਚਾਨਕ ਗੋਲੀ ਚੱਲਣ ਦੀ ਅਵਾਜ਼ ਆਈ ਤਾਂ ਸਾਰੇ ਜਣੇ ਭਾਵੇਸ਼ ਦੇ ਕਮਰੇ ਵੱਲ ਹੋ ਤੁਰੇ, ਉਥੇ ਗਏ ਤਾਂ ਦੇਖਿਆ ਕਿ ਨੌਜਵਾਨ ਖ਼ੂਨ ਨਾਲ ਲੱਥਪੱਥ ਪਿਆ ਹੋਇਆ ਸੀ। ਲਾਗੇ ਹੀ ਉਸ ਦੇ ਪਿਤਾ ਦੀ ਲਾਇਸੈਂਸੀ ਪਿਸਤੌਲ ਪਈ ਹੋਈ ਸੀ। ਪਰਿਵਾਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਕਰਾਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਪਿਸਤੌਲ ਤੇ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਖ਼ਾਨੇ ਵਿਚ ਰਖਾ ਦਿੱਤਾ ਹੈ।
ਪੁਲਿਸ ਅਧਿਕਾਰੀ ਦੱਸਦਾ ਹੈ ਕਿ ਨੌਜਵਾਨ ਨੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਹਾਲੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਨਹੀਂ ਕੀਤੇ ਹਨ। ਪੋਸਟਮਾਰਟਮ ਮਗਰੋਂ ਕੋਈ ਪੁਖ਼ਤਾ ਜਾਣਕਾਰੀ ਦਿੱਤੀ ਜਾ ਸਕੇਗੀ।