ਹਰਿਆਣਾ ਐਸ.ਟੀ.ਐਫ਼. ਨੇ ਨਾਮੀ ਗੈਂਗਸਟਰ ਰੋਮਿਲ ਵੋਹਰਾ ਦਾ ਕੀਤਾ ਐਨਕਾਊਂਟਰ


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ/ਗੁਰੂਗ੍ਰਾਮ, 24 ਜੂਨ : ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਗੁਰੂਗ੍ਰਾਮ ਵਿਚ ਦਿੱਲੀ-ਹਰਿਆਣਾ ਸਰਹੱਦ ’ਤੇ ਇਕ ਮੁਕਾਬਲੇ ਵਿਚ ਗੈਂਗਸਟਰ ਰੋਮਿਲ ਵੋਹਰਾ ਨੂੰ ਮਾਰ ਦਿਤਾ। ਮੁਕਾਬਲੇ ਵਿਚ ਗੈਂਗਸਟਰ ਦੀਆਂ ਗੋਲੀਆਂ ਨਾਲ ਦੋ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਗੈਂਗਸਟਰ ਵੋਹਰਾ ਬਦਨਾਮ ਕਾਲਾ ਰਾਣਾ-ਨੋਨੀ ਰਾਣਾ ਗੈਂਗ ਦਾ ਸਰਗਰਮ ਸ਼ੂਟਰ ਸੀ। ਕਾਲਾ ਰਾਣਾ ਅਤੇ ਨੋਨੀ ਰਾਣਾ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ।
ਪਿੰਕੀ ਧਾਲੀਵਾਲ ਦੇ ਘਰ ਬਾਹਰ ਫ਼ਾਇਰਿੰਗ ਕਰਨ ਵਾਲੇ ਦਾ ਦਿੱਲੀ ‘ਚ ਐਨਕਾਊਂਟਰ
ਇਸ ਤੋਂ ਇਲਾਵਾ ਮੋਹਾਲੀ ਦੇ ਸੈਕਟਰ-71 ਸਥਿਤ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਦੇ ਘਰ ਬਾਹਰ ਬੀਤੀ 15 ਮਈ ਦੀ ਰਾਤ ਨੂੰ ਗੋਲੀਆਂ ਚਲਾਉਣ ਦੇ ਮਾਮਲੇ ਚ ਕਾਲਾ ਰਾਣਾ ਗੈਂਗ ਦੇ ਮੈਂਬਰ ਰੋਮਿਲ ਵੋਹਰਾ ਦਾ ਵੀ ਨਾਮ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਮੋਹਾਲੀ ਪੁਲਿਸ ਨੂੰ ਵੀ ਮਿਲ ਚੁੱਕੀ ਹੈ। ਮੁਕਾਬਲੇ ਵਿਚ ਰੋਮਿਲ ਵੋਹਰਾ ਦੀ ਮੌਤ ਹੋ ਜਾਣ ਕਾਰਨ ਪਿੰਕੀ ਧਾਲੀਵਾਲ ਮਾਮਲੇ ‘ਚ ਹੁਣ ਅੰਕਿਤ ਰਾਣਾ ਨੂੰ ਲੈ ਕੇ ਕਾਰਵਾਈ ਜਾਰੀ ਹੈ।
ਅੰਬਾਲਾ ਐਸਟੀਐਫ਼ ਦੇ ਡੀਐਸਪੀ ਅਮਨ ਕੁਮਾਰ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਮਿਲ ਲੰਬੇ ਸਮੇਂ ਤੋਂ ਪੁਲਿਸ ਦੇ ਰਾਡਾਰ ’ਤੇ ਸੀ ਅਤੇ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਜਦੋਂ ਐਸਟੀਐਫ਼ ਨੇ ਉਸਨੂੰ ਘੇਰ ਲਿਆ ਤਾਂ ਗੈਂਗਸਟਰ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਜਾਣਕਾਰੀ ਅਨੁਸਾਰ, ਹਰਿਆਣਾ ਐਸਟੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੋਮਿਲ ਵੋਹਰਾ ਦਿੱਲੀ-ਹਰਿਆਣਾ ਸਰਹੱਦ ਨੇੜੇ ਫ਼ਰੀਦਾਬਾਦ ਲਿੰਕ ਰੋਡ ’ਤੇ ਮੌਜੂਦ ਹੈ। ਇਸ ਤੋਂ ਬਾਅਦ ਐਸਟੀਐਫ ਨੇ ਇਲਾਕੇ ਨੂੰ ਘੇਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿਤੀ। ਕਾਰਵਾਈ ਦੌਰਾਨ ਜਿਵੇਂ ਹੀ ਐਸਟੀਐਫ਼ ਨੇ ਰੋਮਿਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਸਨੇ ਪੁਲਿਸ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।
ਜਵਾਬੀ ਕਾਰਵਾਈ ਵਿਚ ਐਸਟੀਐਫ ਨੇ ਵੀ ਗੋਲੀਬਾਰੀ ਕੀਤੀ। ਜਿਸ ਵਿਚ ਰੋਮਿਲ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ। ਮੁਕਾਬਲੇ ਵਿਚ 2 ਐਸਟੀਐਫ ਜਵਾਨ ਐਸਆਈ ਪ੍ਰਵੀਨ ਅਤੇ ਐਸਆਈ ਰੋਹਨ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਲਈ ਫਰੀਦਾਬਾਦ ਲਿੰਕ ਰੋਡ ਨੂੰ ਲਗਭਗ ਸਾਢੇ 6 ਘੰਟੇ ਬੰਦ ਰੱਖਿਆ।
ਜ਼ਿਕਰਯੋਗ ਹੇ ਕਿ ਰੋਮਿਲ ਲਗਭਗ 8 ਮਹੀਨੇ ਪਹਿਲਾਂ ਉਨ੍ਹਾਂ ਨਾਲ ਜੁੜਿਆ ਸੀ। ਹਰਿਆਣਾ ਸਰਕਾਰ ਨੇ ਉਸ ’ਤੇ ਇਕ ਲੱਖ ਦਾ ਇਨਾਮ ਵੀ ਰਖਿਆ ਹੋਇਆ ਸੀ। ਗੈਂਗਸਟਰ ਵੋਹਰਾ ਨੇ ਹਾਲ ਹੀ ਵਿਚ ਕੁਰੂਕਸ਼ੇਤਰ ਵਿਚ ਸ਼ਰਾਬ ਠੇਕੇਦਾਰ ਸ਼ਾਂਤਨੂ ਦਾ ਕਤਲ ਕੀਤਾ ਸੀ। ਇਸ ਤੋਂ ਇਲਾਵਾ ਉਹ ਯਮੁਨਾਨਗਰ ਦੇ ਤੀਹਰੇ ਕਤਲ ਕੇਸ ਵਿਚ ਵੀ ਲੋੜੀਂਦਾ ਸੀ।