ਰੂਪਨਗਰ ਦੇ ਪਿੰਡ ਬਰਦਾਰ ਦੀ ਹਜ਼ਾਰ ਏਕੜ ਤੋਂ ਵੱਧ ਜੰਗਲੀ ਜ਼ਮੀਨ ਨਿਗ਼ਲ ਗਿਆ ਹਰਿਆਣਾ ਦਾ ਬਿਲਡਰ

0
WhatsApp Image 2025-06-24 at 9.47.46 PM

ਇਕ ਸਮਾਜ ਸੇਵੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕਿਹਾ, ਭੂ-ਮਾਫ਼ੀਆ ਤੋਂ ਜੰਗਲਾਂ ਤੇ ਜੰਗਲੀ ਜੀਵਾਂ ਬਣਾਉਣ ਦੀ ਕੀਤੀ ਅਪੀਲ



ਚੰਡੀਗੜ੍ਹ, 24 ਜੂਨ (ਨਿਊਜ਼ ਟਾਊਨ ਨੈਟਵਰਕ) : ਰੂਪਨਗਰ ਦੇ ਪਿੰਡ ਬਰਦਾਰ ਵਿਚ ਇਕ ਪੰਚਕੂਲਾ ਦਾ ਬਿਲਡਰ ਇਕ ਹਜ਼ਾਰ ਏਕੜ ਤੋਂ ਜ਼ਿਆਦਾ ਜੰਗਲ ਦੀ ਜ਼ਮੀਨ ਉਪਰੋਂ ਜੰਗਲਾਂ ਦੀ ਕਟਾਈ ਅਤੇ ਜੰਗਲੀ ਜੀਵਾਂ ਦਾ ਸ਼ਿਕਾਰ ਕਰ ਰਿਹਾ ਹੈ। ਉਹ ਉਸ ਜ਼ਮੀਨ ਉਤੇ ਫ਼ਾਰਮ ਹਾਊਸ ਬਣਾ ਕੇ, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਪੰਜਾਬ ਨੂੰ ਬੇਖ਼ੌਫ਼ ਜੰਗਲ-ਮੁਕਤ ਕਰਨ ਦੀ ਮੁਹਿੰਮ ਵਿੱਢੀ ਬੈਠਾ ਹੈ। ਹਾਲਾਂਕਿ ਸਰਕਾਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਪਰਚਾ ਦਰਜ ਕਰਕੇ ਕਾਰਵਾਈ ਕਰਨ ਨੂੰ ਆਖ ਚੁੱਕੀ ਹੈ ਪਰ ਪੁਲਿਸ ਉਸ ਵਿਰੁਧ ਕਾਰਵਾਈ ਕਰਨ ਤੋਂ ਅਸਮਰਥ ਹੈ। ਇਸ ਬਾਰੇ ਇਕ ਸਮਾਜ ਸੇਵੀ ਪਰਮਿੰਦਰ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰ ਮਾਨ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਚਿੱਠੀਆਂ ਲਿਖ ਕੇ ਤੁਰੰਗ ਜੰਗਲੀ ਜ਼ਮੀਨ ਅਤੇ ਜੀਵਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਮਾਜ ਸੇਵੀ ਪਰਮਿੰਦਰ ਕੁਮਾਰ ਨੇ ਜਨਹਿਤ ਵਿਚ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਲਿਖਿਆ ਹੈ ਕਿ ਪੰਜਾਬ ਵਿਚ ਜੰਗਲ ਬਹੁਤ ਹੀ ਘੱਟ ਬਚੇ ਹਨ। ਜਿਨ੍ਹਾਂ ਕੰਢੀ ਖੇਤਰਾਂ ਵਿਚ ਕੁੱਝ ਜੰਗਲ ਬਚੇ ਹੋਏ ਹਨ, ਉਨ੍ਹਾਂ ਉਤੇ ਵੀ ਭੂ-ਮਾਫ਼ੀਆ ਦੀ ਨਜ਼ਰ ਪੈ ਚੁੱਕੀ ਹੈ। ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਬਰਦਾਰ ਵਿਚ ਦਿਆ ਕਿਸ਼ਨ ਗਿੱਲ ਪੁੱਤਰ ਜਿਲੇ ਸਿੰਘ ਗਿੱਲ, ਵਾਸੀ ਸ੍ਰੀਧਾਮ ਈਕੋ ਫ਼ਾਰਮ, ਪਿੰਡ ਬਰਦਾਰ, ਤਹਿਸੀਲ-ਵਾ-ਜ਼ਿਲ੍ਹਾ ਰੂਪਨਗਰ/ਮਕਾਨ ਨੰਬਰ ਬੀ-901, ਬਿਕਰਮ ਵਿਹਾਰ, ਸੈਕਟਰ 27, ਪੰਚਕੂਲਾ, ਹਰਿਆਣਾ ਵਲੋਂ ਇਕ ਹਜ਼ਾਰ ਏਕੜ ਤੋਂ ਵੱਧ ਜੰਗਲ ਉਤੇ ਨਾਜਾਇਜ਼ ਤੌਰ ਤੇ ਫ਼ਾਰਮ ਹਾਊਸ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਕੇ ਵੇਚਿਆ ਜਾ ਰਿਹਾ ਹੈ। ਸਮਾਜ ਸੇਵੀ ਨੇ ਲਿਖਿਆ ਹੈ ਕਿ ਜੰਗਲੀ ਜ਼ਮੀਨ ਉਤੇ ਧਾਰਾ 4 ਅਤੇ 5 ਲੱਗੀ ਹੋਈ ਹੈ। ਇਸ ਦੇ ਬਾਵਜੂਦ ਭੂ-ਮਾਫ਼ੀਆ ਵਲੋਂ ਪਹਾੜਾਂ ਨੂੰ ਕੱਟ ਕੇ ਸਮਤਲ ਕੀਤਾ ਜਾ ਰਿਹਾ ਹੈ ਅਤੇ ਜੋ ਦਰੱਖ਼ਤ ਜੰਗਲ ਵਿਚ ਲੱਗੇ ਹੋਏ ਸਨ, ਉਨ੍ਹਾਂ ਨੂੰ ਬਿਨਾਂ ਕਿਸੇ ਅਗਾਊਂ ਪ੍ਰਵਾਨਗੀ ਤੋਂ ਕੱਟ ਦਿਤਾ ਗਿਆ ਹੈ। ਇਸ ਤੋਂ ਇਲਾਵਾ ਪੂਰੇ ਖੇਤਰ ਵਿਚ ਜੋ ਕੁਦਰਤੀ ਨਾਲੇ ਲੰਘ ਰਹੇ ਹਨ, ਉਨ੍ਹਾਂ ਦਾ ਰਾਹ ਵੀ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਫ਼ਾਰਮ ਹਾਊਸਾਂ ਲਈ ਇਲਾਕੇ ਵਿਚ ਸੜਕਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਭੂ-ਮਾਫ਼ੀਆ ਦੇ ਇਨ੍ਹਾਂ ਕੰਮ ਨਾਲ ਨਾ ਕੇਵਲ ਜੰਗਲਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਬਲਕਿ ਉਥੇ ਰਹਿਣ ਵਾਲੇ ਜੰਗਲੀ ਜੀਵ ਵੀ ਅਲੋਪ ਰਹੇ ਹਨ। ਜੰਗਲੀ ਜੀਵਾਂ ਦਾ ਸ਼ਿਕਾਰ ਵੀ ਖੇਡਿਆ ਜਾ ਰਿਹਾ ਹੈ। ਇਹ ਕਾਰਜ ਵਾਇਲਡ ਲਾਈਫ਼ ਐਕਟ, ਫ਼ੋਰੈਸਟ ਕੰਜ਼ਰਵੇਸ਼ਨ ਐਕਟ, ਐਨ.ਜੀ.ਟੀ. ਐਕਟ, ਵਾਤਾਵਰਣ ਨੀਤੀ ਅਤੇ ਸਮੇਂ-ਸਮੇਂ ਤੇ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਲੋਂ ਜਾਰੀ ਆਦੇਸ਼ਾਂ ਦੀ ਉਲੰਘਣਾ ਹੈ। ਸਮਾਜ ਸੇਵੀ ਨੇ ਅਪਣੀ ਦਰਖ਼ਸਤ ਨਾਲ ਬਿਲਡਰ ਵਲੋਂ ਯੂ-ਟਿਊਬ ਉਤੇ ਅਪਣੇ ਵਲੋਂ ਤਿਆਰ ਕੀਤੇ ਫ਼ਾਰਮ ਹਾਊਸਾਂ ਨੂੰ ਵੇਚਣ ਲਈ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦਾ ਯੂ.ਆਰ.ਐਲ. ਲਿੰਕ ਵਿਚ ਦਿਤਾ ਹੈ ਜਿਸ ਤੋਂ ਸਪੱਸ਼ਟ ਕਿ ਜੰਗਲੀ ਜ਼ਮੀਨ ਉਤੇ ਕੀ ਕੁੱਝ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਜੰਗਲੀ ਜੀਵਾਂ ਦਾ ਸ਼ਿਕਾਰ ਰੋਕਿਆ ਜਾਵੇ ਅਤੇ ਜੰਗਲਾਂ ਦੇ ਉਜਾੜੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਵਰਨਾ, ਭੂ-ਮਾਫ਼ੀਆ ਪੰਜਾਬ ਵਿਚੋਂ ਸਮੁੱਚੇ ਜੰਗਲ ਅਤੇ ਜੰਗਲੀ ਜਾਨਵਾਰਾਂ ਨੂੰ ਹੀ ਖ਼ਤਮ ਕਰ ਦੇਵੇਗਾ।


ਜ਼ਿਲ੍ਹਾ ਪੁਲਿਸ ਮੁਖੀ ਨੂੰ ਪਰਚਾ ਦਰਜ ਕਰਨ ਲਈ ਲਿਖ ਚੁੱਕੇ ਹਾਂ : ਜ਼ਿਲ੍ਹਾ ਨਗਰ ਯੋਜਨਕਾਰ
ਪੱਤਰ ਵਿਚ ਸਮਾਜ ਸੇਵੀ ਨੇ ਦੱਸਿਆ ਕਿ ਜਦ ਉਸ ਨੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਜ਼ਿਲ੍ਹਾ ਨਗਰ ਯੋਜਨਾਕਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਡਿਪਟੀ ਕਮਿਸ਼ਨਰ ਰਾਹੀਂ ਐਸ.ਐਸ.ਪੀ. ਨੂੰ ਪਰਚਾ ਦਰਜ ਕਰਨ ਦੀ ਬੇਨਤੀ ਦੇ ਚੁੱਕੇ ਹਾਂ। ਇਸ ਉਤੇ ਪਰਚਾ ਦਰਜ ਹੋਇਆ ਹੈ ਜਾਂ ਨਹੀਂ? ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦੇ ਵਿਭਾਗ ਵਲੋਂ ਇਹ ਨਾਜਇਜ਼ ਉਸਾਰੀ ਕਰਨ ਵਾਲੇ ਬਿਲਡਰ ਨੂੰ ਵੀ ਨਾਜਾਇਜ਼ ਉਸਾਰੀ ਹਟਾਉਣ ਲਈ ਲਿਖਿਆ ਜਾ ਚੁੱਕਾ ਹੈ। ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਪਿੱਠ ਅੰਕਣ ਨੰ : 261 ਡੀਟੀਪੀ (ਆਰ) ਰੈਗੂ-1 ਮਿਤੀ 16.07.2024 ਰਾਹੀਂ ਪੱਤਰ ਦਾ ਉਤਾਰਾ ਦਿਆ ਕਿਸ਼ਨ ਗਿੱਲ ਪੁੱਤਰ ਜਿਲੇ ਸਿੰਘ ਗਿੱਲ ਵਾਸੀ ਸ੍ਰੀਧਾਮ ਈਕੋ ਫ਼ਾਰਮ, ਪਿੰਡ ਬਰਦਾਰ, ਤਹਿਸੀਲ ਵਾ ਜ਼ਿਲ੍ਹਾ ਰੂਪਨਗਰ/ਮਕਾਨ ਨੰਬਰ ਬੀ-901, ਬਿਕਰਮ ਵਿਹਾਰ, ਸੈਕਟਰ 27, ਪੰਚਕੂਲਾ, ਹਰਿਆਣਾ ਨੂੰ ਡੈਮੋਲੇਸ਼ਨ ਨੋਟਿਸ ਜਾਰੀ ਕਰਦੇ ਹੋਏ ਹਦਾਇਤ ਕੀਤੀ ਗਈ ਕਿ ਨਾਜਾਇਜ਼ ਉਸਾਰੀ ਨੂੰ ਹਟਾ ਕੇ ਇਸ ਨੋਟਿਸ ਦੇ ਜਾਰੀ ਹੋਣ ਤੋਂ 6 ਹਫ਼ਤਿਆਂ ਦੇ ਅੰਦਰ-ਅੰਦਰ ਜ਼ਮੀਨ ਨੂੰ ਅਸਲ ਹਾਲਤ ਵਿਚ ਲਿਆਂਦਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਰੈਗੂਲੇਟਰੀ ਵਿੰਗ ਵਲੋਂ ਜਦ ਵੀ ਐਕਟ ਦੀਆਂ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਅਰੰਭੀ ਜਾਵੇਗੀ ਤਾਂ ਕਾਰਵਾਈ ਦੌਰਾਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਦਾਰੀ ਆਪ ਦੀ ਹੋਵੇਗੀ ਅਤੇ ਡੈਮੋਲੇਸ਼ਨ ਸੀਲਿੰਗ ਹੋਣ ਵਾਲੇ ਖ਼ਰਚੇ ਦੀ ਪੂਰਤੀ ਆਪ ਤੋਂ ਕੀਤੀ ਜਾਵੇਗੀ। ਸਮਾਜ ਸੇਵੀ ਨੇ ਲਿਖਿਆ ਕਿ ਗਿਆਰਾਂ ਮਹੀਨਿਆਂ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਉਥੋਂ ਨਾਜਾਇਜ਼ ਉਸਾਰੀ ਨਹੀਂ ਹਟਾਈ ਗਈ ਬਲਕਿ ਵੱਡੇ ਪੱਧਰ ਤੇ ਰੁੱਖਾਂ ਅਤੇ ਪਹਾੜਾਂ ਦਾ ਕਟਾਈ ਜਾਰੀ ਹੈ। ਜਦ ਡੀ.ਟੀ.ਪੀ. ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਥੋਂ ਨਾਜਾਇਜ਼ ਉਸਾਰੀ ਹਟੀ ਹੈ ਜਾਂ ਨਹੀਂ, ਇਸ ਸਬੰਧੀ ਵੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ। ਵਿਭਾਗ ਵਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਪਬਲਿਕ ਨੋਟਿਸ ਵੀ ਅਖ਼ਬਾਰਾਂ ਵਿਚ ਦਿਤੇ ਜਾ ਚੁੱਕੇ ਹਨ।

ਜ਼ਿਲ੍ਹਾ ਵਣ ਅਫ਼ਸਰ ਨੂੰ ਪਤਾ ਹੀ ਨਹੀ ਕਿ ਜੰਗਲਾਂ ਦਾ ਉਜਾਣਾ ਹੋ ਰਿਹੈ
ਜਦ ਇਸ ਸਬੰਧੀ ਵਣ ਵਿਭਾਗ ਦੇ ਜ਼ਿਲ੍ਹਾ ਵਣ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਹੈ। ਉਨ੍ਹਾਂ ਭੂ-ਮਾਫ਼ੀਆ ਦਾ ਬਚਾਅ ਕਰਦੇ ਹੋਏ ਕਿਹਾ ਕਿ ਹਰਿਆਣਵੀ ਬਿਲਡਰ ਵਲੋਂ ਡੀਨੋਟੀਫ਼ਾਈਡ ਏਰੀਆ ਉਤੇ ਹੀ ਫ਼ਾਰਮ ਹਾਊਸ ਕੱਟੇ ਜਾ ਰਹੇ ਹਨ। ਜਦ ਉਨ੍ਹਾਂ ਨੂੰ ਵਿਭਾਗ ਦੀਆਂ ਡੀਨੋਟੀਫ਼ਾਈਡ ਏਰੀਏ ਸਬੰਧੀ ਹਦਾਇਤਾਂ ਬਾਰੇ ਦੱਸਿਆ ਕਿ ਉਕਤ ਖੇਤਰ ਵਿਚ ਕੋਈ ਵਪਾਰਕ ਗਤੀਵਿਧੀ ਨਹੀਂ ਹੋ ਸਕਦੀ ਕਿਉਂਕਿ ਡੀਨੋਟੀਫ਼ਾਈਡ ਦੀ ਨੋਟੀਫ਼ਿਕੇਸ਼ਨ ਵਿਚ ਸਪੱਸ਼ਟ ਤੌਰ ਤੇ ਲਿਖਿਆ ਹੋਇਆ ਹੈ ਤਾਂ ਉਨ੍ਹਾਂ ਕਿਹਾ ਕਿ ਅਪਣੇ ਰੇਂਜ ਅਫ਼ਸਰ ਨੂੰ ਭੇਜ ਕੇ ਇਸ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਫਿਰ ਕਾਰਵਾਈ ਕਰਨਗੇ।

Leave a Reply

Your email address will not be published. Required fields are marked *