ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਪੰਜਾਬ ਦੇ ਕਈ ਮੁੱਦੇ ਚੁੱਕੇ


ਨਵੀਂ ਦਿੱਲੀ, 30 ਜੁਲਾਈ (ਨਿਊਜ਼ ਟਾਊਨ ਨੈਟਵਰਕ)
ਭਾਰਤੀ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੰਗਬੰਦੀ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਤੋਂ ਕਰਤਾਰਪੁਰ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਕੈਲਾਸ਼ ਮਾਨਸਰੋਵਰ ਯਾਤਰਾ ਬਹਾਲ ਹੋ ਸਕਦੀ ਹੈ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਆਉਣਾ-ਜਾਣਾ ਬਹਾਲ ਕਿਉਂ ਨਹੀਂ ਕੀਤਾ ਜਾ ਸਕਦਾ? ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੰਗ ਵਿਚ ਮਾਰੇ ਗਏ ਲੋਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਅਪਣੀਆਂ ਬਹਾਦਰ ਹਥਿਆਰਬੰਦ ਫ਼ੌਜਾਂ ਦੀ ਹਿੰਮਤ ਲਈ ਦਾਦ ਦਿਤੀ ਜਿਨ੍ਹਾਂ ਨੇ ਬਹਾਦਰੀ ਨਾਲ ਦੇਸ਼ ਅਤੇ ਪੰਜਾਬ ਨੂੰ ਸੁਰੱਖਿਅਤ ਕੀਤਾ। ਉਨ੍ਹਾਂ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਲਾਪਰਵਾਹੀ ਭਰੇ ਸਵਾਲ ਪੁੱਛੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਕਾਂਗਰਸ ਸਮੇਤ ਵਿਰੋਧੀ ਧਿਰਾਂ ਆਖ ਰਹੀਆਂ ਹਨ ਕਿ “ਜੰਗ ਕਿਉਂ ਰੋਕੀ ਗਈ?” ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਏਅਰ-ਕੰਡੀਸ਼ਨਡ ਡਰਾਇੰਗ ਰੂਮਾਂ ‘ਚ ਬੈਠ ਇਹ ਟਿੱਪਣੀਆਂ ਕਰਨਾ ਆਸਾਨ ਹਨ ਪਰ ਪੰਜਾਬ ਦੇ ਸਰਹੱਦੀ ਲੋਕ ਜੰਗ ਦਾ ਖ਼ਮਿਆਜ਼ਾ ਭੁਗਤਦੇ ਆਏ ਹਨ। ਸਾਡੇ ਕਿਸਾਨਾਂ ਦੀਆਂ ਸਰਹੱਦ ਪਾਰ ਫ਼ਸਲਾਂ ਤਬਾਹ ਹੋ ਗਈਆਂ। ਸਾਡੇ ਗ਼ਰੀਬਾਂ ਨੂੰ ਗੋਲੀਬਾਰੀ, ਡਰੋਨ ਹਮਲੇ ਅਤੇ ਲੜਾਕੂ ਜਹਾਜ਼ਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਬੀਬਾ ਬਾਦਲ ਨੇ ਕਿਹਾ, ਕਿਉਂਕਿ ਵਿਰੋਧੀ ਧਿਰ ਦੇ ਨੇਤਾਵਾਂ ਦੇ ਪਰਿਵਾਰ ਸਰਹੱਦ ‘ਤੇ ਨਹੀਂ ਰਹਿੰਦੇ, ਇਸ ਲਈ ਵਿਰੋਧੀ ਧਿਰ ਦਾ ਨੇਤਾ ਸ਼ਾਂਤੀ ਦੀ ਗੱਲ ‘ਤੇ ਸਵਾਲ ਉਠਾ ਰਿਹਾ ਹੈ? ਅਜਿਹੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਕ ਹੋਰ ਮਹੱਤਵਪੂਰਨ ਮਾਮਲਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ਦੇ ਬੰਦ ਹੋਣ ਦਾ ਸਾਡੇ ਪੰਜਾਬ ਦੇ ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ‘ਤੇ ਕਾਫ਼ੀ ਪ੍ਰਭਾਵ ਪਿਆ ਜਦਕਿ ਜੰਗ ਦੇ ਮਾਹੌਲ ‘ਚ ਬੰਦਰਗਾਹਾਂ ਰਾਹੀਂ ਵਪਾਰ ਜਾਰੀ ਰਿਹਾ। ਉਨ੍ਹਾਂ ਭਾਰਤ ਸਰਕਾਰ ਨੂੰ ਜੰਗ ਦੌਰਾਨ ਹੋਏ ਨੁਕਸਾਨ ਲਈ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁਆਵਜ਼ਾ ਦੇਣ ਅਤੇ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹਣ ਦੀ ਬੇਨਤੀ ਕੀਤੀ ਕਿਉਂਕਿ ਜੰਗਬੰਦੀ ਤੋਂ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਵੀ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਸਰਹੱਦੀ ਸੂਬੇ ਭਾਰਤ ਦੇ ਫ਼ਰੰਟਲਾਈਨ ਹਨ, ਇਸ ਲਈ ਉਹ ਅਪਣੇ ਲੋਕਾਂ ਦੀ ਰੱਖਿਆ ਲਈ ਜੰਗਬੰਦੀ ਦਾ ਸਮਰਥਨ ਕਰਦੇ ਹਨ।