ਬਠਿੰਡਾ ‘ਚ 40 ਕਿੱਲੋ ਹੈਰੋਇਨ ਸਣੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ


ਚੰਡੀਗੜ੍ਹ, 9 ਜੁਲਾਈ (ਨਿਊਜ਼ ਟਾਊਨ ਨੈੱਟਵਰਕ ) ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰਦਿਆਂ ਬਠਿੰਡਾ ਪੁਲਸ ਨੇ 6 ਮੁੱਖ ਨਸ਼ਾ ਤਸਕਰਾਂ ਨੂੰ 40 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਕੇ ਵਿਦੇਸ਼ੀ ਤਸਕਰਾਂ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕੀਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਖਵੀਰ ਸਿੰਘ ਉਰਫ਼ ਲੱਖਾ (33), ਪ੍ਰਭਜੋਤ ਸਿੰਘ (26), ਰਣਜੋਧ ਸਿੰਘ (27), ਆਕਾਸ਼ ਮਰਵਾਹਾ (21), ਰੋਹਿਤ ਕੁਮਾਰ (25) ਤੇ ਗੁਰਚਰਨ ਸਿੰਘ ਉਰਫ਼ ਗੁਰੀ (27) ਵਜੋਂ ਹੋਈ ਹੈ, ਜੋ ਸਾਰੇ ਮਲੋਟ ਦੇ ਰਹਿਣ ਵਾਲੇ ਹਨ। ਲਖਵੀਰ ਸਿੰਘ ਤੇ ਪ੍ਰਭਜੀਤ ਸਿੰਘ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਨ੍ਹਾਂ ਖ਼ਿਲਾਫ਼ ਕ੍ਰਮਵਾਰ ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਿਤ ਮਾਮਲੇ ਦਰਜ ਹਨ।
ਇਹ ਸਫ਼ਲਤਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਪਾਕਿਸਤਾਨ ਸਥਿਤ ਤਸਕਰ ਤਨਵੀਰ ਸ਼ਾਹ ਅਤੇ ਕੈਨੇਡਾ ਸਥਿਤ ਹੈਂਡਲਰ ਜੋਬਨ ਕਲੇਰ ਵਲੋਂ ਚਲਾਏ ਜਾ ਰਹੇ ਡਰੱਗ ਕਾਰਟਲ ਦਾ ਪਰਦਾਫ਼ਾਸ਼ ਕਰਦਿਆਂ 9 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਰਾਜਸਥਾਨ ਦੇ ਬਾੜਮੇਰ ’ਚ ਅੰਤਰਰਾਸ਼ਟਰੀ ਸਰਹੱਦ ਨੇੜਿਓਂ 60.302 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਕੁੱਝ ਦੇਰ ਬਾਅਦ ਹਾਸਲ ਹੋਈ। ਇਹ ਖ਼ੇਪ ਪਾਕਿਸਤਾਨ ਸਥਿਤ ਹੈਂਡਲਰਾਂ ਵੱਲੋਂ ਪੰਜਾਬ ’ਚ ਅੱਗੇ ਵੰਡਣ ਲਈ ਭੇਜੀ ਗਈ ਸੀ। ਐੱਸ. ਐੱਸ. ਪੀ. ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਇਹ ਕਾਰਵਾਈ ਖਿੱਤੇ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਠੋਸ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।
ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ-1 ਬਠਿੰਡਾ ਦੀ ਟੀਮ ਨੇ ਵਿਸ਼ੇਸ਼ ਆਪਰੇਸ਼ਨ ਚਲਾਇਆ ਤੇ ਉਕਤ 6 ਮੁਲਜ਼ਮਾਂ ਨੂੰ ਉਨ੍ਹਾਂ ਦੀ ਕਾਰ ’ਚੋਂ 40 ਕਿੱਲੋ ਹੈਰੋਇਨ ਬਰਾਮਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਨਸ਼ੀਲੇ ਪਦਾਰਥ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਭੇਜੇ ਜਾ ਰਹੇ ਸਨ, ਜਿਨ੍ਹਾਂ ਨੂੰ ਬਾਅਦ ’ਚ ਸਥਾਨਕ ਤਸਕਰਾਂ ਵੱਲੋਂ ਪੰਜਾਬ ’ਚ ਅੱਗੇ ਵੰਡਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਧਾਰਿਤ ਹੈਂਡਲਰਾਂ ਨਾਲ ਜੁੜੇ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਬਠਿੰਡਾ ਦੇ ਥਾਣਾ ਕੋਤਵਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21ਸੀ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।