ਫਰੀਦਾਬਾਦ ‘ਚ ਜਿਮ ਟ੍ਰੇਨਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਫਰੀਦਾਬਾਦ, 2 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਫਰੀਦਾਬਾਦ ਦੇ ਸੈਕਟਰ-9 ਸਥਿਤ ਇਕ ਜਿਮ ਵਿਚ ਕਸਰਤ ਕਰਦੇ ਸਮੇਂ ਇਕ ਜਿਮ ਟ੍ਰੇਨਰ ਅਚਾਨਕ ਬੇਹੋਸ਼ ਹੋ ਗਿਆ। ਤੁਰੰਤ ਇਕ ਨਿਜੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਜਿਮ ਬੁਲਾਇਆ ਗਿਆ ਜਿਸ ਤੋਂ ਬਾਅਦ ਟੀਮ ਨੇ ਕਿਹਾ ਕਿ ਨੌਜਵਾਨ ਦੀ ਮੌਤ ਹੋ ਚੁਕੀ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਿਮ ਦੌਰਾਨ ਕਸਰਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਫਰੀਦਾਬਾਦ ਸੈਕਟਰ-3 ਦੇ ਰਾਜਾ ਨਾਹਰ ਸਿੰਘ ਕਲੋਨੀ ਵਿਚ ਰਹਿਣ ਵਾਲਾ ਪੰਕਜ ਪਿਛਲੇ 5 ਮਹੀਨਿਆਂ ਤੋਂ ਆਪਣੇ ਦੋਸਤ ਰੋਹਿਤ ਨਾਲ ਸੈਕਟਰ-9 ਦੇ ਸ਼ਰੋਤਾਕ ਵੈਲਨੈਸ ਜਿਮ ਜਾਂਦਾ ਸੀ। ਉਹ ਮੰਗਲਵਾਰ ਸਵੇਰੇ ਲਗਭਗ 10:30 ਵਜੇ ਆਪਣੇ ਦੋਸਤ ਰੋਹਿਤ ਨਾਲ ਜਿਮ ਗਿਆ ਸੀ। ਰੋਹਿਤ ਮੁਤਾਬਕ ਪੰਕਜ ਦਾ ਕੱਦ ਲਗਭਗ 6 ਫੁੱਟ 2 ਇੰਚ ਸੀ ਉਸਦਾ ਭਾਰ 175 ਕਿਲੋ ਸੀ। ਪੰਕਜ ਨੇ ਜਿੰਮ ਜਾਣ ਤੋਂ ਪਹਿਲਾਂ ਕਾਲੀ ਕੌਫੀ ਪੀਤੀ ਸੀ। ਕਾਲੀ ਕੌਫੀ ਪੀਣ ਤੋਂ ਬਾਅਦ ਉਸਨੇ ਸਿਰਫ 2 ਮਿੰਟ ਕਸਰਤ ਕੀਤੀ ਤੇ ਫਿਰ ਉਹ ਬੇਹੋਸ਼ ਹੋ ਗਿਆ। ਜਿਵੇਂ ਹੀ ਉਹ ਬੇਹੋਸ਼ ਹੋਇਆ, ਉਸ ‘ਤੇ ਪਾਣੀ ਛਿੜਕਿਆ ਗਿਆ, ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਸੈਕਟਰ-8 ਸਥਿਤ ਇਕ ਨਿੱਜੀ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਅਤੇ ਇਕ ਐਂਬੂਲੈਂਸ ਬੁਲਾਈ ਗਈ। ਜਾਂਚ ਤੋਂ ਬਾਅਦ ਪੰਕਜ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਜਿਸ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿਤੀ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬੀਕੇ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿਤਾ। ਡਾਕਟਰਾਂ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿਤੀ ਹੈ।
