21 ਜੂਨ ਨੂੰ ਗੁਰਧਾਮਾਂ ਲਈ ਯਾਤਰਾ ਹੋਵੇਗੀ ਰਵਾਨਾ- ਗਿਆਨੀ ਸ਼ੇਰ ਸਿੰਘ


ਸ਼ੰਭੂ, 10 ਜੂਨ 2025 (ਆਰ ਐਸ ਮੋਹੀ) : “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦਿੱਤੀ ਸ਼ਹਾਦਤ ਸਦਕਾ ਅੱਜ ਅਸੀਂ ਭਾਰਤ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਉਨ੍ਹਾਂ ਦੀ ਸ਼ਹਾਦਤ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ 31 ਮਈ ਤੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਲੀ ਮਾਜਰਾ ਤੋਂ ਕੱਢੀ ਜਾਣ ਵਾਲੀ ਗੁਰਧਾਮ ਯਾਤਰਾ ਨਾਲ ਹੋਈ ਸੀ ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਗੁਰਦੁਆਰਾ ਸ਼ਹੀਦ ਗੰਜ ਅਲੀ ਮਾਜਰਾ ਦੇ ਮੁੱਖ ਸੇਵਾਦਾਰ ਗਿਆਨੀ ਸ਼ੇਰ ਸਿੰਘ ਨੇ ਅੱਜ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਗੁਰਪੁਰਬ 25 ਨਵੰਬਰ 2025 ਨੂੰ ਆ ਰਿਹਾ ਹੈ ਅਤੇ ਇਸੇ ਦੇ ਸਬੰਧ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਤੇ ਸਹਿਯੋਗੀ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 21 ਜੂਨ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਲੀ ਮਾਜਰਾ ਤੋਂ ਸਵੇਰੇ 7 ਵਜੇ ਮੋਟਰਸਾਈਕਲਾਂ ਤੇ ਕਾਰਾਂ ‘ਤੇ ਸਵਾਰ ਹੋ ਕੇ ਹਰਿਆਣਾ ਵਿੱਚ ਯਮੁਨਾਨਗਰ, ਜਗਾਧਰੀ ਦੇ ਇਤਿਹਾਸਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਸਾਹਿਬ ਪੰਜ ਤੀਰਥੀ ਸਾਾਹਿਬ, ਸੁਢਲ ਸੁਢੇਲ ਸਾਹਿਬ, ਝੀਵਰ ਹੈੜੀ ਸਾਹਿਬ ਤੋਂ ਇਲਾਵਾਾ ਜਿੰਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਹਨ, ਦੀ ਗੁਰਧਾਮ ਯਾਤਰਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਮਿੱਤ ਸਿੰਘ ਅਲੀ ਮਾਜਰਾ ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅੰਬਾਲਾ ਦੇ ਗੁਰਦੁਆਰਾ ਸ਼ੀਸ਼ਗੰਜ ਹੁੰਦੀ ਹੋਈ ਯਮੁਨਾਨਗਰ, ਜਗਾਧਰੀ ਦੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਲੀ ਮਾਜਰਾ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਗੁਰਧਾਮ ਯਾਤਰਾ ਦਾ ਮਕਸਦ ਨੌਜਵਾਨ ਸਿੱਖ ਪੀੜੀ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ , ਜਿਨ੍ਹਾਂ ਬਾਰੇ ਬਹੁਤੀ ਸੰਗਤ ਨੂੰ ਜਾਣਕਾਰੀ ਨਹੀਂ ਹੈ, ਬਾਰੇ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਗੁਰਧਾਮ ਯਾਤਰਾ ਨਾਲ 350 ਸਾਲਾ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਗੁਰਧਾਮ ਯਾਤਰਾ ਦਾ ਹਿੱਸਾ ਬਣ ਕੇ ਆਪਣਾ ਜੀਵਨ ਸਫ਼ਲਾ ਬਨਾਉਣ ਦੀ ਅਪੀਲ ਕੀਤੀ ।
ਇਸ ਮੌਕੇ ਭਾਈ ਗੁਰਿੰਦਰਬੀਰ ਸਿੰਘ ਵਾਲੀਆ, ਭਾਈ ਬਿਸ਼ਨ ਸਿੰਘ, ਭਾਈ ਸੋਨੂ ਸਿੰਘ ਖਾਲਸਾ, ਜਥੇਦਾਰ ਮਨਿੰਦਰ ਸਿੰਘ, ਭਾਈ ਅਮਨ ਸਿੰਘ ਖਾਲਸਾ, ਗਿਆਨੀ ਪ੍ਰਿਤਪਾਲ ਸਿੰਘ, ਭਾਈ ਅਮਰੀਕ ਸਿੰਘ ਨਨਹੇੜਾ, ਗਿਆਨੀ ਅਵਤਾਰ ਸਿੰਘ ਵੀ ਹਾਜ਼ਰ ਸਨ।