ਗੁਰਪਤਵੰਤ ਪੰਨੂ ਨੇ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਲਈ ਦਿਤਾ ਅਲਟੀਮੇਟਮ!


ਵਾਸ਼ਿੰਗਟਨ, 22 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਨੇ ਪ੍ਰਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਪੰਜਾਬ ਛੱਡਣ ਲਈ ਅਲਟੀਮੇਟਮ ਦਿਤਾ ਹੈ। ਇਸ ਨੇ ਪ੍ਰਵਾਸੀਆਂ ਨੂੰ 19 ਅਕਤੂਬਰ ਤੱਕ ਸੂਬਾ ਛੱਡਣ ਲਈ ਕਿਹਾ ਹੈ। ਇਸ ਨੇ ਬਟਾਲਾ ਰੇਲਵੇ ਸਟੇਸ਼ਨ ‘ਤੇ ਖਾਲਿਸਤਾਨੀ ਨਾਅਰੇ ਲਿਖਵਾਉਣ ਦਾ ਵੀ ਦਾਅਵਾ ਕੀਤਾ ਹੈ। ਪੰਨੂ ਨੇ ਆਪਣੀ ਇੱਕ ਵੀਡੀਓ ਵਾਇਰਲ ਕੀਤੀ ਹੈ। ਇਸ ਵਿੱਚ ਉਸਨੇ ਨਾਅਰੇ ਲਿਖਵਾਉਣ ਦਾ ਦਾਅਵਾ ਕੀਤਾ ਹੈ ਤੇ ਬਟਾਲਾ ਰੇਲਵੇ ਸਟੇਸ਼ਨ ਦੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਸਨੇ ਇਹ ਵੀ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਿਰਫ ਉਹ ਲੋਕ ਹੀ ਪੰਜਾਬ ਵਿੱਚ ਰਹਿਣਗੇ ਜੋ ਦੀਵਾਲੀ ਨਹੀਂ ਮਨਾਉਂਦੇ ਅਤੇ ਉਸ ਦਿਨ ਬੰਦੀ ਛੋੜ ਦਿਵਸ ਮਨਾਉਂਦੇ ਹਨ। ਪੰਨੂ ਨੇ ਪੰਜਾਬ ਨੂੰ ਛੱਡਣ ਲਈ ਦੀਵਾਲੀ ਤੱਕ ਅਲਟੀਮੇਟਮ ਜਾਰੀ ਕੀਤਾ ਹੈ। ਪੰਨੂ ਨੇ ਵੀਡੀਓ ਵਿੱਚ ਅਯੁੱਧਿਆ ਦਾ ਵੀ ਜ਼ਿਕਰ ਕੀਤਾ। ਉਸਨੇ ਦਾਅਵਾ ਕੀਤਾ ਕਿ ਉਹ ਦੀਵਾਲੀ ‘ਤੇ ਅਯੁੱਧਿਆ ਵਿੱਚ ਹਨੇਰਾ ਫੈਲਾਏਗਾ। ਦਰਅਸਲ ਇਸ ਸਾਲ ਅਯੁੱਧਿਆ ਵਿੱਚ ਲੱਖਾਂ ਦੀਵੇ ਜਗਾ ਕੇ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਨੂ ਨੇ ਬਟਾਲਾ ਰੇਲਵੇ ਸਟੇਸ਼ਨ ‘ਤੇ ਅਚਲੇਸ਼ਵਰ ਧਾਮ ਮੰਦਰ ਦਾ ਹਵਾਲਾ ਦਿੰਦੇ ਹੋਏ ਨਾਅਰੇ ਲਿਖਵਾਉਣ ਦਾ ਦਾਅਵਾ ਕੀਤਾ ਹੈ। ਇਹ ਨਾਅਰੇ ਰੇਲਵੇ ਸਟੇਸ਼ਨ ‘ਤੇ ਬੋਰਡਾਂ ਅਤੇ ਬਿਜਲੀ ਦੇ ਡੱਬਿਆਂ ‘ਤੇ ਲਿਖੇ ਗਏ ਹਨ। ਪੰਨੂ ਨੇ ਪ੍ਰਵਾਸੀਆਂ ਨੂੰ 19 ਅਕਤੂਬਰ ਤੱਕ ਪੰਜਾਬ ਛੱਡਣ ਲਈ ਕਿਹਾ ਹੈ ਕਿ ਤੇ ਨਾਲ ਹੀ ਸੁਨੇਹਾ ਭੇਜਿਆ ਹੈ ਜੋ ਉਹ ਲੋਕ ਪੰਜਾਬ ਛੱਡ ਦੇਣ ਜੋ ਹਿੰਦੂਤਵ ਅੱਤਵਾਦ ਫੈਲਾ ਰਹੇ ਹਨ। ਸਿੱਖਸ ਫਾਰ ਜਸਟਿਸ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਅਲਟੀਮੇਟਮ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੰਨੂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਧਮਕੀ ਦਿੱਤੀ ਹੈ। ਪੰਨੂ ਦਾ ਦਾਅਵਾ ਹੈ ਕਿ ਡੀਜੀਪੀ ਯਾਦਵ ਪੰਜਾਬ ਵਿੱਚ ਹਿੰਦੂ ਅੱਤਵਾਦ ਫੈਲਾਉਣ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਇੰਨਾ ਹੀ ਨਹੀਂ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਪਾਰਟੀ ਨੂੰ ਉਸੇ ਤਰ੍ਹਾਂ ਤੋੜ ਦੇਣਗੇ, ਜਿਵੇਂ ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਨਾਲ ਕੀਤਾ ਹੈ।