ਕਤਲ ਦੀ ਕੋਸ਼ਿਸ਼ ਮਾਮਲੇ ’ਚ ਗੁਜਰਾਤ ਦੇ ਆਪ ਵਿਧਾਇਕ ਚਤਰ ਵਸਾਵਾ ਗ੍ਰਿਫ਼ਤਾਰ


ਨਰਮਦਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਗੁਜਰਾਤ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਤਰ ਵਸਾਵਾ ਨੂੰ ਬੀਤੇ ਦਿਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਇਕ ਕਤਲ ਮਾਮਲੇ ਵਿਚ ਕੀਤੀ ਗਈ ਹੈ। ਵਸਾਵਾ ‘ਤੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ‘ਆਪ’ ਵਿਧਾਇਕ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਸਾਵਦਰ ਉਪ-ਚੋਣ ਵਿਚ ‘ਆਪ’ ਤੋਂ ਹਾਰਨ ਤੋਂ ਬਾਅਦ ਭਾਜਪਾ ਘਬਰਾ ਗਈ ਹੈ।
ਜਾਣਕਾਰੀ ਅਨੁਸਾਰ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਡੇਡੀਆਪਾੜਾ ਪ੍ਰਾਂਤ ਦਫ਼ਤਰ ਵਿਚ ‘ਆਪਨੋ ਤਾਲੁਕੋ, ਵਾਈਬ੍ਰੈਂਟ ਤਾਲੁਕੋ’ ਦੀ ਮੀਟਿੰਗ ਦੌਰਾਨ, ਵਿਧਾਇਕ ਚਤਰ ਵਸਾਵਾ ਅਤੇ ਤਾਲੁਕਾ ਪੰਚਾਇਤ ਮੁਖੀ ਸੰਜੇ ਵਸਾਵਾ ਵਿਚਕਾਰ ਗਰਮਾ-ਗਰਮ ਬਹਿਸ ਹੋਈ ਅਤੇ ਇਸ ਦੌਰਾਨ ਕਥਿਤ ਤੌਰ ‘ਤੇ ਹੱਥੋਪਾਈ ਵੀ ਹੋਈ। ਸੰਜੇ ਵਸਾਵਾ ਨੇ ਸ਼ਿਕਾਇਤ ਵਿਚ ਦਸਿਆ ਹੈ ਕਿ ਚਤਰ ਨੇ ਅਪਣਾ ਮੋਬਾਈਲ ਉਨ੍ਹਾਂ ਦੇ ਸਿਰ ‘ਤੇ ਮਾਰਿਆ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ ਸੱਟ ਲੱਗ ਗਈ। ਹੰਗਾਮੇ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚਤਰ ਵਸਾਵਾ ਨੂੰ ਹਿਰਾਸਤ ਵਿਚ ਲੈ ਲਿਆ। ਚਤਰ ਦੇ ਸਮਰਥਕਾਂ ਅਤੇ ‘ਆਪ’ ਦੇ ਸੂਬਾ ਪ੍ਰਧਾਨ ਇਸੁਦਾਨ ਗੜ੍ਹਵੀ ਦਾ ਦੋਸ਼ ਹੈ ਕਿ ਚਤਰ ਨਾਲ ਕੁੱਟਮਾਰ ਕੀਤੀ ਗਈ ਪਰ ਇਸ ਦੇ ਬਾਵਜੂਦ ਪੁਲਿਸ ਨੇ ਉਸ ਵਿਰੁਧ ਸ਼ਿਕਾਇਤ ਦਰਜ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਚਤਰ ਵਸਾਵਾ ਦੇ ਸਮਰਥਕਾਂ ਨੇ ਵਿਧਾਇਕ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੰਗਾਮਾ ਕੀਤਾ। ਹਾਲਾਂਕਿ, ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਪੁਲਿਸ ਚਤਰ ਨੂੰ ਰਾਜਪੀਪਰਾ ਸਥਿਤ ਐਸਸੀਬੀ ਦਫ਼ਤਰ ਲੈ ਗਈ। ਪੁਲਿਸ ਨੇ ਕਿਹਾ ਹੈ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਝਗੜਾ ਕਿਹੜੇ ਮੁੱਦਿਆਂ ‘ਤੇ ਹੋਇਆ। ਸੂਬਾ ਦਫ਼ਤਰ ਦੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਜਿਨ੍ਹਾਂ ਦੀ ਮੌਜੂਦਗੀ ਵਿਚ ਇਹ ਸਾਰਾ ਮਾਮਲਾ ਵਾਪਰਿਆ। ਪੁਲਿਸ ਨੇ ਚਤਰ ਵਸਾਵਾ ਵਿਰੁਧ ਕਤਲ ਦੀ ਕੋਸ਼ਿਸ਼ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਇਲਜ਼ਾਮਾਂ ਵਿਚ ਮਾਮਲਾ ਦਰਜ ਕੀਤਾ ਹੈ। ਨਾਲ ਹੀ ਵਸਾਵਾ ਦੇ ਸਮਰਥਕਾਂ ਵਲੋਂ ਕੀਤੇ ਗਏ ਹੰਗਾਮੇ ਨੂੰ ਦੇਖਦੇ ਹੋਏ ਇਲਾਕੇ ਵਿਚ ਚਾਰ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿਤੀ ਗਈ ਹੈ।
ਇਸ ਦੌਰਾਨ, ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਨੇ ਚਤਰ ਵਸਾਵਾ ਦੀ ਗ੍ਰਿਫ਼ਤਾਰੀ ‘ਤੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿਚ ਕੇਜਰੀਵਾਲ ਨੇ ਲਿਖਿਆ ਕਿ ‘ਭਾਜਪਾ ਨੇ ਗੁਜਰਾਤ ਵਿਚ ‘ਆਪ’ ਵਿਧਾਇਕ ਚਤਰ ਵਸਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਸਾਵਦਰ ਉਪ-ਚੋਣ ਵਿਚ ‘ਆਪ’ ਤੋਂ ਹਾਰਨ ਤੋਂ ਬਾਅਦ, ਭਾਜਪਾ ਘਬਰਾ ਗਈ ਹੈ। ਜੇ ਉਹ ਸੋਚਦੇ ਹਨ ਕਿ ‘ਆਪ’ ਅਜਿਹੀਆਂ ਗ੍ਰਿਫ਼ਤਾਰੀਆਂ ਤੋਂ ਡਰ ਜਾਵੇਗੀ, ਤਾਂ ਇਹ ਉਨ੍ਹਾਂ ਦੀ ਸੱਭ ਤੋਂ ਵੱਡੀ ਗਲਤੀ ਹੈ। ਗੁਜਰਾਤ ਦੇ ਲੋਕ ਹੁਣ ਭਾਜਪਾ ਦੇ ਕੁਸ਼ਾਸਨ, ਭਾਜਪਾ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਤੋਂ ਤੰਗ ਆ ਚੁੱਕੇ ਹਨ। ਹੁਣ ਗੁਜਰਾਤ ਦੇ ਲੋਕ ਭਾਜਪਾ ਨੂੰ ਜਵਾਬ ਦੇਣਗੇ।
