ਚੋਣ ਡਿਊਟੀਆਂ ਕਾਰਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੱਗੀ ਬਰੇਕ!


ਬੰਦ ਕਰਨਾ ਪਿਆ ਸਕੂਲ, ਪੜ੍ਹਾਈ ਦੇ ਦਿਨਾਂ ਵਿਚ ਸਰਕਾਰ ਨੇ ਅਧਿਆਪਕਾਂ ਨੂੰ ਚੋਣ ਪ੍ਰਕਿਰਿਆ ਵਿਚ ਉਲਝਾਇਆ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 11 ਦਸੰਬਰ : ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਹੈ ਪਰ ਅਸਲੀਅਤ ਵਿਚ ਇਹ ਕ੍ਰਾਂਤੀ ਕਿੱਥੇ ਹੈ? ਜ਼ਿਲ੍ਹਾ ਲੁਧਿਆਣਾ ਦੇ ਬਲਾਕ ਡੇਹਲੋਂ 1 ਦੇ ਸਰਕਾਰੀ ਹਾਈ ਸਕੂਲ ਪੌਹੀੜ ਵਿਚ ਪੂਰੇ ਸਟਾਫ਼ 10 ਅਧਿਆਪਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਰਿਹਸਲ ਦੀ ਡਿਊਟੀ ‘ਤੇ ਲਗਾ ਦਿਤਾ ਗਿਆ ਹੈ ਜਿਸ ਕਾਰਨ ਸਕੂਲ ਵਿਚ ਇਕ ਵੀ ਅਧਿਆਪਕ ਨਹੀਂ ਰਿਹਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਰਨ ਸਕੂਲ ਅੱਜ ਬੰਦ ਰਿਹਾ ਅਤੇ ਸੈਂਕੜੇ ਵਿਦਿਆਰਥੀਆਂ ਨੂੰ ਘਰ ਬਿਠਾ ਦਿਤਾ ਗਿਆ। ਕੀ ਇਹ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਗ਼ਰੀਬ ਵਰਗ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ? ਕਿਉਂਕਿ ਅਮੀਰ ਵਰਗ ਦੇ ਬੱਚੇ ਤਾਂ ਮਹਿੰਗੇ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਮੁੱਖ ਅਧਿਆਪਕ ਅਤੇ ਹੋਰਨਾਂ ਅਧਿਆਪਕਾਂ ਨੂੰ ਚੋਣਾਂ ਵਿਚ ਡਿਊਟੀ ਲਗਾਉਣਾ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਤਾਂ ਇਸ ਸਕੂਲ ਪੂਰਾ ਸਟਾਫ਼ ਹੀ ਚੋਣਾਂ ’ਚ ਲੱਗਾ ਦਿਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਧਿਆਪਕਾਂ ਨੂੰ ਡਿਊਟੀ ਲਗਾਉਣਾ ਕਾਨੂੰਨੀ ਤੌਰ ‘ਤੇ ਜਾਇਜ਼ ਹੋ ਸਕਦਾ ਹੈ ਪਰ ਜਦੋਂ ਪੂਰਾ ਸਕੂਲ ਹੀ ਬੰਦ ਹੋ ਜਾਵੇ ਤਾਂ ਇਹ ਵਿਦਿਆਰਥੀਆਂ ਦੇ ਅਧਿਕਾਰਾਂ ਨਾਲ ਧੋਖਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਚੁੱਪੀ ਸਾਧ ਲਈ ਹੈ, ਜਦਕਿ ਮਾਪੇ ਅਤੇ ਵਿਦਿਆਰਥੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ। ਇਹ ਘਟਨਾ ਸਿਰਫ਼ ਪੌਹੀੜ ਸਕੂਲ ਤਕ ਸੀਮਿਤ ਨਹੀਂ। ਪੰਜਾਬ ਭਰ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਅਧਿਆਪਕਾਂ ਨੂੰ ਗੈਰ-ਸਿੱਖਿਆ ਸੰਬਧੀ ਕੰਮਾਂ ਵਿੱਚ ਲਗਾ ਕੇ ਸਕੂਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
