ਸਰਕਾਰੀ ਬਸਾਂ ਦੇ ਕਾਮਿਆਂ ਨੇ ਪੰਜਾਬ ਸਰਕਾਰ ਨੂੰ ਦਿਤੀ ਚੇਤਵਾਨੀ


ਕਿਹਾ, ਜੇ ਮੰਗਾਂ ਨਾ ਮੰਨੀਆਂ ਤਾਂ ਬਸਾਂ ਬੰਦ ਕਰਕੇ ਸੜਕਾਂ ਉਤੇ ਆ ਜਾਵਾਂਗੇ
(ਨਿਊਜ਼ ਟਾਊਨ ਨੈਟਵਰਕ)
ਜਲੰਧਰ, 26 ਜੁਲਾਈ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਠੇਕੇਦਾਰ ਕਾਮਿਆਂ ਨੇ ਜਲੰਧਰ ਵਿਚ ਪ੍ਰੈਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਜੇ 28 ਜੁਲਾਈ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ‘ਚ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਪਨਬੱਸ, ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਬੱਸਾਂ ਨੂੰ ਉਸੇ ਦਿਨ ਦੀ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਕਿਹਾ ਕਿ 9 ਜੁਲਾਈ ਨੂੰ ਹੜਤਾਲ ਦੌਰਾਨ ਸਰਕਾਰ ਨੇ ਮੀਟਿੰਗ ਦਾ ਸੱਦਾ ਭੇਜਿਆ ਸੀ। ਜਿਸ ਤੋਂ ਬਾਅਦ 28 ਜੁਲਾਈ ਨੂੰ ਮੀਟਿੰਗ ਦੀ ਗੱਲ ਆਖੀ ਸੀ ਪਰ ਉਸ ਤੋਂ ਪਹਿਲਾਂ 2 ਮੀਟਿੰਗਾਂ ਹੋਣੀਆਂ ਸਨ ਪਰ ਸਰਕਾਰ ਨੇ ਅਜੇ ਤਕ ਕੋਈ ਮੀਟਿੰਗ ਨਹੀਂ ਕੀਤੀ। ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਖ਼ੁਦ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਕੁਝ ਨਹੀਂ ਹੋਇਆ। ਮੁਲਾਜ਼ਮਾਂ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਕਰੋ ਜਾਂ ਮਰੋ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ। ਕੰਟਰੈਕਟ ਯੂਨੀਅਨ ਜਲੰਧਰ ਦੇ ਪ੍ਰਧਾਨ ਚੰਨਨ ਸਿੰਘ ਦਾ ਕਹਿਣਾ ਹੈ ਕਿ ਜੇ ਮੀਟਿੰਗ ਦੌਰਾਨ ਕੋਈ ਸਿੱਟਾ ਨਾ ਨਿਕਲਿਆ ਤਾਂ ਮੀਟਿੰਗ ਵਾਲੇ ਦਿਨ ਹੀ ਬੱਸਾਂ ਖੜੀਆਂ ਕਰ ਦਿਤੀਆਂ ਜਾਣਗੀਆਂ। ਮੁਲਾਜ਼ਮਾਂ ਦੀਆਂ ਮੰਗਾਂ ਵਿਚ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਬੰਦ ਕੀਤੇ ਜਾਣ ਅਤੇ ਨਵੇਂ ਠੇਕਾ ਕਾਮਿਆਂ ਦੀ ਭਰਤੀ ਬੰਦ ਕੀਤੇ ਜਾਣਾ ਸ਼ਾਮਲ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਮੰਗ-ਪੱਤਰ ਸੌਂਪੇ ਪਰ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਜੇ ਸਰਕਾਰ ਨੇ ਤੁਰੰਤ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਪਨਬੱਸ, ਪੀਆਰਟੀਸੀ ਅਤੇ ਰੋਡਵੇਜ਼ ਦੇ ਸਾਰੇ ਠੇਕਾ ਕਰਮਚਾਰੀ ਪੰਜਾਬ ਭਰ ਵਿਚ ਬੱਸਾਂ ਚਲਾਉਣਾ ਬੰਦ ਕਰ ਦੇਣਗੇ ਜਿਸ ਕਾਰਨ ਪੂਰੇ ਸੂਬੇ ਵਿਚ ਆਵਾਜਾਈ ਵਿਵਸਥਾ ਠੱਪ ਹੋ ਜਾਵੇਗੀ।