ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ


ਅੰਮ੍ਰਿਤਸਰ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਦੇ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋਮਵਾਰ ਦੇਰ ਰਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਵਜੀਤ ਕੌਰ ਆਸਟ੍ਰੇਲੀਆ ਜਾਣ ਲਈ ਹਵਾਈ ਅੱਡੇ ‘ਤੇ ਪਹੁੰਚੀ ਸੀ। ਉਸ ਵਿਰੁਧ ਜਾਰੀ ਲੁੱਕ ਆਊਟ ਸਰਕੂਲਰ ਕਾਰਨ ਉਸ ਨੂੰ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲੈ ਲਿਆ ਗਿਆ। ਲਵਜੀਤ ਕੌਰ ਨੂੰ ਬਟਾਲਾ ਵਿਚ ਮਾਰੇ ਗਏ ਗੈਂਗਸਟਰ ਗੋਰਾ ਬਰਿਆਰ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲਵਜੀਤ ਕੌਰ ਪਤਨੀ ਮਨਦੀਪ ਸਿੰਘ ਵਿਰੁੱਧ 26 ਮਈ 2025 ਨੂੰ ਥਾਣਾ ਘੁੰਮਣ ਬਟਾਲਾ ਵਿਖੇ ਦਰਜ ਐਫਆਈਆਰ ਨੰਬਰ 89 ਤਹਿਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ ਤਾਂ ਜੋ ਦੋਸ਼ੀ ਦੇਸ਼ ਛੱਡ ਕੇ ਭੱਜ ਨਾ ਸਕੇ। ਲਵਜੀਤ ਹਾਲ ਹੀ ਵਿਚ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਤੋਂ ਬਾਅਦ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ।
ਸੁਰੱਖਿਆ ਏਜੰਸੀਆਂ ਨੇ ਰਾਤੋ-ਰਾਤ ਲਵਜੀਤ ਕੌਰ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸਨੂੰ ਬਟਾਲਾ ਪੁਲਿਸ ਦੇ ਹਵਾਲੇ ਕਰ ਦਿਤਾ। ਬਟਾਲਾ ਪੁਲਿਸ ਹੁਣ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਵਿਰੁੱਧ ਦਰਜ ਐਫਆਈਆਰ ਵਿਚ ਭਾਰਤੀ ਦੰਡ ਵਿਧਾਨ (ਬੀਐਨਐਸ) ਦੀਆਂ ਹੇਠ ਲਿਖੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਹ ਮਾਮਲਾ ਗੋਰਾ ਬਰਿਆਰ ਉਰਫ਼ ਗੁਰਪ੍ਰੀਤ ਸਿੰਘ ਗੋਰਾ ਦੇ ਕਤਲ ਨਾਲ ਸਬੰਧਤ ਹੈ। ਜੱਗੂ ਦੀ ਮਾਂ ਦੇ ਕਤਲ ਦੇ ਤਾਰ ਵੀ ਇਸ ਨਾਲ ਜੁੜੇ ਹੋਏ ਹਨ।
