ਕਈ ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਕਾਬੂ


ਬਰਨਾਲਾ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਸੀ. ਆਈ. ਏ. ਸਟਾਫ ਬਰਨਾਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਇਕ ਪੁਰਾਣੇ ਕੇਸ ’ਚ ਭਗੌੜੇ ਚੱਲ ਰਹੇ ਗੈਂਗਸਟਰ ਪਰਵਿੰਦਰ ਸਿੰਘ ਉਰਫ ਟਾਈਗਰ ਨੂੰ ਕਾਬੂ ਕਰ ਲਿਆ ਹੈ। ਜ਼ਿਲ੍ਹਾ ਬਰਨਾਲਾ ਦੇ ਐੱਸ. ਐੱਸ. ਪੀ. ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਸ ਵੱਲੋਂ ਵੱਖ-ਵੱਖ ਮੁਕੱਦਮਿਆਂ ’ਚ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ, ਅਸ਼ੋਕ ਕੁਮਾਰ ਕਪਤਾਨ ਪੁਲਸ (ਇੰਸ.) ਬਰਨਾਲਾ ਅਤੇ ਰਾਜਿੰਦਰਪਾਲ ਸਿੰਘ ਉਪ ਕਪਤਾਨ ਪੁਲਸ (ਇੰਸ.) ਬਰਨਾਲਾ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਸੀ. ਆਈ. ਏ. ਸਟਾਫ ਬਰਨਾਲਾ ਪੁਲਸ ਨੂੰ ਮੁਕੱਦਮਾ ਨੰਬਰ 25 ਮਿਤੀ 10-06-2021 ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਪੁਲਸ ਥਾਣਾ ਮਹਿਲ ਕਲਾਂ ’ਚ ਦਰਜ ਕੇਸ ’ਚ ਪਰਵਿੰਦਰ ਸਿੰਘ ਉਰਫ ਟਾਈਗਰ ਦੀ ਭਾਲ ਸੀ। ਇਸ ਕੇਸ ’ਚ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ, ਵਿਜੈ ਉਰਫ ਸੋਨੀ, ਚੰਦ ਸਿੰਘ ਉਰਫ ਗੋਲੂ ਅਤੇ ਵਿਸ਼ੇਸ਼ ਕੁਮਾਰ ਸਮੇਤ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੋਲੋਂ 850 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ, 825 ਨਸ਼ੀਲੀਆਂ ਗੋਲ਼ੀਆਂ ਅਤੇ 55 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ। ਇਸੇ ਕੇਸ ’ਚ ਅਰਸ਼ਦੀਪ ਸਿੰਘ, ਗੁਰਦੀਪ ਸਿੰਘ ਅਤੇ ਰਾਜਨ ਸਿੰਘ ਵੀ ਸ਼ਾਮਲ ਹਨ।
ਪਰਵਿੰਦਰ ਸਿੰਘ ਉਰਫ ਟਾਈਗਰ, ਜੋ ਕਿ ਪੱਤੀ ਸਹਿਜਰੇ ਕੀ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ ਦਾ ਵਸਨੀਕ ਹੈ, ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਸੀ.ਆਈ.ਏ. ਸਟਾਫ ਬਰਨਾਲਾ ਦੀ ਟੀਮ ਨੇ ਆਪਣੀ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਨੂੰ 14 ਜੂਨ, 2025 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
