ਹਵਾਲਾਤੀਆਂ ਨੇ ਕੁੱਟਿਆ ਸਹਾਇਕ ਸੁਪਰੀਡੈਂਟ !


ਫਰੀਦਕੋਟ, 4 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਕੇਂਦਰੀ ਜੇਲ੍ਹ ਵਿੱਚ ਹਵਾਲਾਤੀਆਂ ਵੱਲੋਂ ਸਹਾਇਕ ਸੁਪਰਡੈਂਟ ਦੇ ਨਾਲ ਮਾਰਕੁੱਟ ਕਰਦੇ ਹੋਏ ਉਨਾਂ ਦੀ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਵਿੱਚ ਬੰਦ ਹਵਾਲਾਤੀ ਪਰਮਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ ਬੱਬੂ ਅਤੇ ਜਗਜੀਤ ਸਿੰਘ ਵੱਲੋਂ ਕੁਝ ਸਮਾਂ ਪਹਿਲਾਂ ਜੇਲ੍ਹ ਅੰਦਰ ਹੋਰ ਹਵਾਲਾਤੀਆਂ ਦੇ ਨਾਲ ਝਗੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤਿੰਨਾਂ ਹਵਾਲਾਤੀਆਂ ਨੂੰ ਇੱਕ ਵੱਖਰੀ ਬੈਰਕ ਵਿੱਚ ਬੰਦ ਕਰ ਦਿੱਤਾ ਸੀ।
ਇਸ ਗੱਲ ਦੀ ਰੰਜਿਸ਼ ਕਾਰਨ ਹੀ ਜਦ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਵੱਲੋਂ ਬੈਰਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਹਵਾਲਾਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮਾਰਕੁੱਟ ਕਰਦੇ ਹੋਏ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਇਸ ਦੌਰਾਨ ਹੋਰ ਕਰਮਚਾਰੀਆਂ ਅਤੇ ਕੈਦੀਆਂ ਨੇ ਹਵਾਲਾਤੀਆਂ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰਦੇ ਹੋਏ ਮੁੜ ਬੈਰਕ ਵਿੱਚ ਬੰਦ ਕੀਤਾ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਜੇਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਤਿੰਨੇ ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਅਤੇ ਹੁਣ ਪੂਰੇ ਮਾਮਲੇ ਦੀ ਪੁਲਿਸ ਪੜਤਾਲ ਕਰ ਰਹੀ ਹੈ।