2021 ‘ਚ ਰੱਖਿਆ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਹ ਪੱਥਰ, ਅੱਧ ਵਿਚਕਾਰ ਲਟਕਿਆ


ਬਰਨਾਲਾ, 27 ਨਵੰਬਰ (ਰਾਈਆ)
ਜ਼ਿਲਾ ਦੇ ਸਹਿਰ ਤਪਾ ਅੰਦਰ ਸੀਵਰੇਜ ਟਰੀਟਮੈਂਟ ਪਲਾਂਟ ਜੋ ਕਈ ਸਾਲਾਂ ਤੋਂ ਨਿਰਮਾਣ ਅਧੀਨ ਹੈ ਫੰਡਾਂ ਦੀ ਘਾਟ ਕਾਰਨ ਅਧੂਰਾ ਪਿਆ ਹੈ। ਜਿਸ ਪੱਧਰ ਤੱਕ ਇਹ ਟਰੀਟਮੈਂਟ ਪਲਾਂਟ ਚਾਲੂ ਹੋਇਆ ਹੈ ਉਸ ਦਾ ਪਾਣੀ ਵੀ ਇਨਾਂ ਖਰਚਾ ਕਰਨ ਦੇ ਬਾਵਜੂਦ ਡਰੇਨ ਵਿੱਚ ਸੁੱਟ ਕੇ ਜਾਇਆ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਲਾਂਟ ਦੇ ਮੁੱਖ ਇੰਜੀਨੀਅਰ ਬਲਜੀਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਲਾਂਟ ਫੰਡਾਂ ਦੀ ਘਾਟ ਕਾਰਨ ਅਧੂਰਾ ਪਿਆ ਹੈ। ਉਹਨਾਂ ਦੱਸਿਆ ਕਿ ਸੀਵਰੇਜ ਬੋਰਡ ਵੱਲੋਂ ਲਗਭਗ 60 ਲੱਖ ਰੁਪਿਆ ਇਸ ਕੰਪਨੀ ਨੇ ਲੈਣਾ ਹੈ ਅਤੇ ਲਗਭਗ 40 ਲੱਖ ਰੁਪਿਆ ਹੋਰ ਆਖਰੀ ਬਿੱਲ ਬਣਨ ਤੱਕ ਬਕਾਇਆ ਹੋ ਜਾਵੇਗਾ ਪਰ ਸੀਵਰੇਜ ਬੋਰਡ ਬਰਨਾਲਾ ਹਜੇ ਤੱਕ ਪਿਛਲੀ ਅਦਾਇਗੀ ਨਹੀਂ ਕਰ ਸਕਿਆ।
ਸੀਵਰੇਜ ਟਰੀਟਮੈਂਟ ਪਲਾਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਕੁਮਾਰ ਨੇ ਦੱਸਿਆ ਕਿ ਇਸ ਪਲਾਂਟ ਨੂੰ ਪਹਿਲਾਂ ਸੀਵਰੇਜ ਪਾਣੀ ਦੀ ਨਿਕਾਸੀ ਲਈ ਰਾਈਜਿੰਗ ਪਲਾਂਟ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਜੁਲਾਈ 2021 ਵਿੱਚ ਨੀਹ ਪੱਥਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਸ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਚ ਬਦਲਣ ਲਈ ਸੀਨਰਜਜ ਸਲਿਊਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਇਸ ਦਾ ਠੇਕਾ ਦਿੱਤਾ ਗਿਆ ਸੀ। ਜਿਸਦੀ ਕੁੱਲ ਕੀਮਤ ਛੇ ਕਰੋੜ ਵੀਹ ਲੱਖ ਰੁਪਏ ਮਿੱਥੀ ਗਈ ਸੀ। ਜਿਸ ਅਨੁਸਾਰ ਸਾਡੀ ਕੰਪਨੀ ਨੇ ਉਕਤ ਪਲਾਂਟ ਨੂੰ ਤਿਆਰ ਕਰਕੇ ਵਿਭਾਗ ਨੂੰ ਸੌਂਪਣ ਤੋਂ ਬਾਅਦ ਪੰਜ ਸਾਲ ਇਸਦੀ ਦੇਖ ਰੇਖ ਵੀ ਕਰਨੀ ਹੈ ਤੇ ਕੰਪਨੀ ਵੱਲੋਂ ਲਗਾਤਾਰ ਇਸ ਨੂੰ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਪੂਰੀ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਸੀਵਰੇਜ ਟਰੀਟਮੈਂਟ ਪਲਾਂਟ ਲਗਭਗ ਤਿਆਰ ਹੋ ਚੁੱਕਿਆ ਹੈ ਇਸ ਵਿੱਚ ਜੋ ਕਮੀ ਰਹਿੰਦੀ ਹੈ ਉਸ ਨੂੰ ਦਸੰਬਰ ਦੇ ਅਖੀਰ ਤੱਕ ਪੂਰਾ ਕਰਕੇ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਪੰਜ ਸਾਲ ਸਾਡੀ ਕੰਪਨੀ ਵੱਲੋਂ ਇਸ ਦੀ ਦੇਖਭਾਲ ਕੀਤੀ ਜਾਵੇਗੀ।
ਇਸ ਪਲਾਂਟ ਦੇ ਖਰਚਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇੱਥੇ ਤਿੰਨ ਆਪਰੇਟਰ ਦੋ ਸੇਵਾਦਾਰ ਇੱਕ ਇਲੈਕਟ੍ਰਿਕ ਇੰਜਨੀਅਰ ਇੱਕ ਮਕੈਨਿਕਲ਼ ਇੰਜੀਨੀਅਰ ਲਗਾਤਾਰ ਕੰਮ ਕਰਨਗੇ ਜਿਨਾਂ ਦਾ ਖਰਚਾ ਲਗਭਗ 1.5 ਲੱਖ ਰੁਪਏ ਪ੍ਰਤੀ ਮਹੀਨਾ ਅਤੇ ਬਿਜਲੀ ਬਿੱਲ ਲਗਭਗ 60 ਹਜਾਰ ਤੋਂ 70 ਹਜਾਰ ਰੁਪਏ ਤੱਕ ਆਵੇਗਾ। ਹੁਣ ਤੱਕ ਜਿੰਨਾ ਪਲਾਂਟ ਚਾਲੂ ਹੋ ਚੁੱਕਿਆ ਹੈ ਉਸਦੇ ਸੋਧੇ ਹੋਏ ਪਾਣੀ ਦੀ ਵਰਤੋਂ ਸਬੰਧੀ ਜਦ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਸਾਡਾ ਕੰਮ ਪਾਣੀ ਨੂੰ ਸੋਧ ਕੇ ਪਾਈਪ ਲਾਈਨ ਤੱਕ ਪਹੁੰਚਾਉਣਾ ਹੁੰਦਾ ਹੈ ਉਸ ਤੋਂ ਬਾਅਦ ਸੀਵਰੇਜ ਬੋਰਡ ਦਾ ਕੰਮ ਰਹਿ ਜਾਂਦਾ ਹੈ ਕਿ ਉਹ ਪਾਣੀ ਨੂੰ ਕਿਸ ਤਰ੍ਹਾਂ ਵਰਤੋਂ ਕਰਦੇ ਹਨ।
