ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਦੀਨਾਨਾਥ ਭਗਤ ਦਾ ਲੁਧਿਆਣਾ ‘ਚ ਦੇਹਾਂਤ


ਲੁਧਿਆਣਾ, 8 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਦੀਨਾਨਾਥ ਭਗਤ ਦਾ 79 ਸਾਲ ਦੀ ਉਮਰ ਵਿਚ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਫੇਫੜਿਆਂ ਦੀ ਲਾਗ ਤੋਂ ਪੀੜਤ ਸਨ ਅਤੇ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਾਬਕਾ ਵਿਧਾਇਕ ਦੀਨਾਨਾਥ ਭਗਤ ਦਾ ਇਲਾਜ ਪਹਿਲਾਂ ਸਰਕਾਰੀ ਮੈਡੀਕਲ ਕਾਲਜ, ਜੰਮੂ ਵਿਚ ਚੱਲ ਰਿਹਾ ਸੀ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਸਵੇਰੇ 3:30 ਵਜੇ ਦੇ ਕਰੀਬ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਦੀਨਾਨਾਥ ਭਗਤ ਆਪਣੇ ਪਿੱਛੇ ਆਪਣੀ ਪਤਨੀ, 3 ਪੁੱਤਰ ਅਤੇ 2 ਧੀਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਊਧਮਪੁਰ ਦੇ ਦੇਵਿਕਾ ਘਾਟ ‘ਤੇ ਕੀਤਾ ਗਿਆ। ਦੀਨਾਨਾਥ ਭਗਤ 2014 ਦੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ ‘ਤੇ ਚੇਨਾਨੀ ਸੀਟ ਤੋਂ ਵਿਧਾਇਕ ਬਣੇ ਸਨ। ਹਾਲਾਂਕਿ ਨਵੰਬਰ 2020 ਵਿਚ ਉਨ੍ਹਾਂ ਨੇ ਭਾਜਪਾ ਨੂੰ “ਦਲਿਤ ਵਿਰੋਧੀ” ਦੱਸਦੇ ਹੋਏ ਅਸਤੀਫਾ ਦੇ ਦਿਤਾ ਸੀ। ਫਿਰ ਉਨ੍ਹਾਂ ਨੇ ਨੈਸ਼ਨਲ ਪੈਂਥਰਜ਼ ਪਾਰਟੀ ਨਾਲ ਕੁਝ ਸਮਾਂ ਬਿਤਾਇਆ ਅਤੇ ਫਿਰ ਜਨਵਰੀ 2022 ਵਿਚ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।
