ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ


ਨਵੀਂ ਦਿੱਲੀ, 5 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਮੰਗਲਵਾਰ ਨੂੰ 79 ਸਾਲ ਦੀ ਉਮਰ ਵਿਚ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਆਖਰੀ ਸਾਹ ਲਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ 11 ਮਈ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸੱਤਿਆਪਾਲ ਮਲਿਕ ਅਗਸਤ 2018 ਤੋਂ ਅਕਤੂਬਰ 2019 ਤਕ ਜੰਮੂ-ਕਸ਼ਮੀਰ ਦੇ ਆਖਰੀ ਰਾਜਪਾਲ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰ ਦਿਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿਤਾ ਗਿਆ ਸੀ ਅਤੇ ਇਸਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ – ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿਤਾ ਗਿਆ ਸੀ। ਇਤਫ਼ਾਕ ਨਾਲ ਅੱਜ ਇਸ ਫੈਸਲੇ ਦੀ 6ਵੀਂ ਵਰ੍ਹੇਗੰਢ ਹੈ ਅਤੇ ਇਸ ਦਿਨ ਸੱਤਿਆਪਾਲ ਮਲਿਕ ਨੇ ਆਖਰੀ ਸਾਹ ਲਿਆ। ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਸੱਤਿਆਪਾਲ ਮਲਿਕ ਨੂੰ ਗੋਆ ਦਾ 18ਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਮਲਿਕ ਨੇ ਅਕਤੂਬਰ 2022 ਤਕ ਮੇਘਾਲਿਆ ਦੇ 21ਵੇਂ ਰਾਜਪਾਲ ਵਜੋਂ ਵੀ ਸੇਵਾ ਨਿਭਾਈ ਸੀ।