ਅੰਮ੍ਰਿਤਸਰ ‘ਚ ਸਾਬਕਾ ਅਕਾਲੀ ਸਰਪੰਚ ਪਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ


ਅੰਮ੍ਰਿਤਸਰ/ਰਾਜਾਸਾਂਸੀ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਸੈਦੂਪੁਰ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਾਬਕਾ ਅਕਾਲੀ ਸਰਪੰਚ ਪਰਵਿੰਦਰ ਸਿੰਘ (ਪੱਪੂ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।
ਜਾਣਕਾਰੀ ਅਨੁਸਾਰ ਕਤਲ ਦਾ ਦੋਸ਼ੀ ਇਕ ਗੁਆਂਢੀ ਹੈ, ਜੋ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਰਾਤ ਨੂੰ ਦੋਸ਼ੀ ਗੁਆਂਢੀ ਆਪਣੀ ਕਾਰ ਵਿਚ ਆਇਆ ਤੇ ਪਲਵਿੰਦਰ ਸਿੰਘ ਦੇ ਘਰ ਵੱਲ ਗਿਆ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਵਿਚ ਗੋਲੀਆਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਦੋਸ਼ੀ ਨੇ ਪਲਵਿੰਦਰ ਸਿੰਘ ‘ਤੇ ਲਗਾਤਾਰ ਤਿੰਨ ਗੋਲੀਆਂ ਚਲਾਈਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ।
ਪੁਲਿਸ ਨੂੰ ਇਸ ਮਾਮਲੇ ਵਿਚ ਸੀਸੀਟੀਵੀ ਫੁਟੇਜ ਮਿਲ ਗਈ ਹੈ ਜਿਸਦੇ ਆਧਾਰ ‘ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਪਿੰਡ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ। ਮੁੱਢਲੀ ਜਾਂਚ ਵਿਚ ਕਤਲ ਦਾ ਕਾਰਨ ਪੁਰਾਣੀ ਨਿਜੀ ਦੁਸ਼ਮਣੀ ਦੱਸੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ।
