ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ‘ਆਪ’ ‘ਚ ਹੋਏ ਸ਼ਾਮਲ


ਚੰਡੀਗੜ੍ਹ, 15 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਕਾਲੀ ਦਲ ਦੇ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਅੱਜ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਤਰਨਤਾਰਨ ਦੇ ਵੱਡੇ ਨੇਤਾ ਹਰਮੀਤ ਸਿੰਘ ਸੰਧੂ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਸੰਧੂ ਹਲਕਾ ਤਰਨਤਾਰਨ ਤੋਂ 3 ਵਾਰ ਵਿਧਾਇਕ ਅਤੇ ਸਾਬਕਾ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ। ਸੰਧੂ ਨੇ 2002 ਵਿਚ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ, 2007 ਅਤੇ 2012 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਵੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਨਵੰਬਰ 2024 ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿਤਾ ਸੀ।
ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਸੰਧੂ ਨੂੰ ਉਪ ਚੋਣ ਵਿਚ ‘ਆਪ’ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਉਪ ਚੋਣ ਲਈ ਤਰਨਤਾਰਨ ਵਿਚ ‘ਆਪ’ ਦੀ ਟਿਕਟ ਲਈ ਕਈ ਦਾਅਵੇਦਾਰ ਸਨ ਜਿਸ ਕਾਰਨ ‘ਆਪ’ ਨੇ ਇਕ ਨਿਜੀ ਕੰਪਨੀ ਤੋਂ ਸਰਵੇਖਣ ਕਰਵਾਇਆ। ਸਰਵੇਖਣ ਅਨੁਸਾਰ ਹਰਮੀਤ ਸਿੰਘ ਸੰਧੂ ਉਪ ਚੋਣ ਜਿੱਤਣ ਦੇ ਸਮਰੱਥ ਪਾਏ ਗਏ।