ਫੂਡ ਸੇਫਟੀ ਟੀਮ ਨੇ ਝਬਾਲ ਖੇਤਰ ਦੇ ਫੂਡ ਆਉਟਲੈਟਾਂ, ਮਿਠਾਈਆਂ ਦੀਆਂ ਦੁਕਾਨਾਂ ‘ਤੇ ਮਾਰਿਆ ਛਾਪਾ


ਪੱਟੀ/ਤਰਨ ਤਾਰਨ, 13 ਅਗਸਤ (ਕੰਵਲ ਦੀਪ ਸਾਬੀ/ ਤਰੁਨ ਕਪੂਰ/ਰਾਜੀਵ ਗੱਬਰ) : ਸਿਹਤ ਮੰਤਰੀ ਪੰਜਾਬ ਅਤੇ ਫੂਡ ਕਮਿਸ਼ਨਰ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਆਈ. ਏ. ਐੱਸ. ਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਾ. ਸੁਖਬੀਰ ਕੌਰ ਡੀ. ਐਚ. ਓ. ਦੀ ਨਿਗਰਾਨੀ ਹੇਠ ਫੂਡ ਸੇਫਟੀ ਟੀਮ ਤਰਨ ਤਾਰਨ ਨੇ ਝਬਾਲ ਖੇਤਰ ਦੇ ਵੱਖ-ਵੱਖ ਫੂਡ ਆਉਟਲੈਟਾਂ, ਮਿਠਾਈਆਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ। ਸਟ੍ਰੀਟ ਫੂਡ ਵਿਕਰੇਤਾਵਾਂ ਦਾ ਵੀ ਨਿਰੀਖਣ ਕੀਤਾ ਅਤੇ ਝਬਾਲ ਤਰਨ ਤਾਰਨ ਸੜਕ ‘ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ। ਮਠਿਆਈਆਂ, ਸੌਸ ਅਤੇ ਚਾਂਪਾਂ ਦੇ 5 ਸੈਂਪਲ ਲਏ ਅਤੇ ਇੱਕ ਸੁਧਾਰ ਨੋਟਿਸ ਵੀ ਦਿੱਤਾ। ਖੇਤਰ ਦੇ ਸਾਰੇ ਐਫ. ਬੀ. ਓ. ਅਤੇ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਬਰਸਾਤ ਦੇ ਮੌਸਮ ਵਿੱਚ ਫੈਲਣ ਵਾਲੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਫਾਈ ਬਣਾਈ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਹੀ ਤਾਪਮਾਨ ‘ਤੇ ਰੱਖਣ ਦੀ ਸਲਾਹ ਦਿੱਤੀ ਗਈ। ਡਾ. ਸੁਖਬੀਰ ਕੌਰ ਨੇ ਸਾਰੇ ਐਫ. ਬੀ. ਓ. ਦੇ ਨਾਲ-ਨਾਲ ਖਪਤਕਾਰਾਂ ਨਾਲ ਭੋਜਨ ਦੀ ਖਰਾਬੀ ਨੂੰ ਘਟਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸੰਦੇਸ਼ ਸਾਂਝਾ ਕੀਤਾ, ਕਿ ਭੋਜਨ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਬਰਬਾਦ ਨਾ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ, ਕਿ ਇਹ ਲੋੜਵੰਦਾਂ ਦੇ ਮੂੰਹਾਂ ਤੱਕ ਪਹੁੰਚੇ। ਐਫ. ਬੀ. ਓਜ਼. ਨੂੰ ਸਾਡੇ ਸਰੋਤਾਂ ਦੀ ਸੰਭਾਲ ਮਹੱਤਵਪੂਰਨ ਹੋਣ ਕਰਕੇ ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਨੂੰ ਰੀਪਰਪਸ (ਡੀਜ਼ਲ ਬਣਾਉਣ ਵਾਸਤੇ) ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ।