ਪੰਜਾਬ ’ਤੇ ਮੰਡਰਾਇਆ ਹੜ੍ਹ ਦਾ ਖ਼ਤਰਾ


ਭਾਖੜਾ ਬੋਰਡ ਵਲੋਂ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ ਫ਼ਲੱਡ ਗੇਟ
(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 3 ਅਗੱਸਤ : ਇਸ ਸਮੇਂ ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਦੂਜੇ ਪਾਸੇ ਹੜ੍ਹ ਦਾ ਖਤਰਾ ਵੀ ਮੰਡਰਾਉਣ ਲੱਗਿਆ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਬੀ.ਬੀ.ਐਮ.ਬੀ. ਵਲੋਂ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਵੱਧ ਹੋ ਰਹੀ ਮੀਂਹ ਕਾਰਨ ਫ਼ਲੱਗ ਗੇਟਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਜਿਸ ਕਾਰਨ ਪ੍ਰਸ਼ਾਸਨ ਇਸ ਸਬੰਧੀ ਸੂਚੇਤ ਰਹੇ। ਜ਼ਿਕਰਯੋਗ ਹੈ ਕਿ ਜੇ ਬੀ.ਬੀ.ਐਮ.ਬੀ ਵਲੋਂ ਫ਼ਲੱਡ ਗੇਟਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਪੰਜਾਬ ਦੇ 6 ਜ਼ਿਲ੍ਹਿਆ ਵਿਚ ਇਸ ਦਾ ਬੇਹੱਦ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹ ਹੁਸ਼ਿਆਰਪੁਰ ਗੁਰਦਾਸਪੁਰ, ਪਠਾਨਕੋਟ ਜ਼ਿਲ੍ਹੇ ਹਨ ਜਿਨ੍ਹਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ। ਪੌਂਗ ਡੈਮ ਦੇ ਭੰਡਾਰ ਦਾ ਪੱਧਰ ਸਵੇਰੇ 06:00 ਵਜੇ 1361.07 ਫੁੱਟ ਦਰਜ ਕੀਤਾ ਗਿਆ ਜੋ 02/08/2024 ਨੂੰ 1328.45 ਫੁੱਟ ਸੀ। ਅੱਜ ਸਵੇਰੇ 6:00 ਵਜੇ ਦੇਖਿਆ ਗਿਆ ਔਸਤਨ ਪ੍ਰਵਾਹ 87,586 ਕਿਊਸਿਕ ਹੈ। ਵਰਤਮਾਨ ਵਿਚ ਰੀਲੀਜ਼ (ਇੰਡੈਂਟ-18,995 ਕਿਊਸਿਕ) ਸਿਰਫ਼ ਪੌਂਗ ਪਾਵਰ ਹਾਊਸ ਦੀਆਂ ਟਰਬਾਈਨਾਂ ਰਾਹੀਂ ਹੀ ਕੀਤਾ ਜਾ ਰਿਹਾ ਹੈ। ਪੌਂਗ ਡੈਮ ਵਿਖੇ ਮੌਜੂਦਾ ਪਾਣੀ ਦੇ ਪ੍ਰਵਾਹ ਪੈਟਰਨ ਅਤੇ ਭਾਰਤੀ ਮੌਸਮ ਵਿਭਾਗ ਦੁਆਰਾ ਬਿਆਸ ਕੈਚਮੈਂਟ ਖੇਤਰ ਲਈ ਜਾਰੀ ਕੀਤੀ ਗਈ ਬਾਰਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਨੇੜਲੇ ਭਵਿੱਖ ਵਿਚ ਪੌਂਗ ਡੈਮ ਸਪਿਲਵੇਅ ਰਾਹੀਂ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ। ਬੀ.ਬੀ.ਐਮ.ਬੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਰੂਰੀ ਸਾਵਧਾਨੀ ਉਪਾਅ ਕੀਤੇ ਜਾਣ। ਪ੍ਰਸ਼ਾਸਨ ਦੇ ਅਧਿਕਾਰ ਖੇਤਰ ਅਧੀਨ ਸਬੰਧਤ ਸਿਵਲ, ਸਿੰਜਾਈ, ਡਰੇਨੇਜ ਅਤੇ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।