ਨਸ਼ਾ ਤਸਕਰ ਸੋਨੀ ਸਮੇਤ ਪੰਜ ਵਿਅਕਤੀ 8.1 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ


(ਨਿਊਜ਼ ਟਾਊਨ ਨੈਟਵਰਕ)
ਅੰਮ੍ਰਿਤਸਰ, 8 ਸਤੰਬਰ : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸੋਨੀ ਸਿੰਘ ਉਰਫ਼ ਸੋਨੀ ਨੂੰ, ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ 8.1 ਕਿਲੋ ਹੈਰਇਨ ਬਰਾਮਦ ਕੀਤੀ ਹੈ।ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇਥੇ ਦਿਤੀ। ਗ੍ਰਿਫ਼ਤਾਰ ਕੀਤੇ ਗਏ ਹੋਰ ਚਾਰ ਨਸ਼ਾ ਤਸਕਰਾਂ ਦੀ ਪਛਾਣ ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ ਉਰਫ਼ ਗੋਲਾ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਸਾਰੇ ਅੰਮ੍ਰਿਤਸਰ ਦੇ ਅਜਨਾਲਾ ਦੇ ਰਹਿਣ ਵਾਲੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਿੰਡੀਕੇਟ ਪਾਕਿਸਤਾਨ ਨਾਲ ਸਬੰਧਤ ਸੀ ਅਤੇ ਭਾਰਤੀ ਖੇਤਰ ਵਿੱਚ ਹੈਰੋਇਨ ਦੀਆਂ ਵੱਡੀਆਂ ਖੇਪਾਂ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿੰਡੀਕੇਟ ਵੱਲੋਂ ਨੈੱਟਵਰਕ ਵਿਚ ਖੇਪਾਂ ਨੂੰ ਅੱਗੇ ਪਹੰੁਚਾਉਣ ਲਈ ਹੋਟਲਾਂ ਨੂੰ ਤਸਕਰੀ ਡੰਪ ਵਜੋਂ ਵਰਤਿਆ ਜਾਂਦਾ ਸੀ। ਡੀਜੀਪੀ ਨੇ ਕਿਹਾ ਕਿ ਹੈਂਡਲਰਾਂ, ਸਪਲਾਈ ਚੇਨਾਂ ਅਤੇ ਵਿੱਤੀ ਨੈੱਟਵਰਕਾਂ ਦੀ ਪਛਾਣ ਕਰਨ ਲਈ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸ਼ਹਿਰ ਦੇ ਬਾਹਰਵਾਰ ਤੋਂ ਨਸ਼ਾ ਤਸਕਰ ਸੋਨੀ ਸਿੰਘ ਨੂੰ 150 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਸੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਸੋਨੀ, ਜਿਸ ਦੇ ਖਿ਼ਲਾਫ਼ ਐਨਡੀਪੀਐਸ ਐਕਟ ਦੇ ਛੇ ਮਾਮਲੇ ਦਰਜ ਹਨ ਅਤੇ ਜੋ ਜੂਨ ਮਹੀਨੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ, ਨੇ ਲਗਭਗ 30 ਕਿਲੋ ਹੈਰੋਇਨ ਦੀਆਂ ਖੇਪਾਂ ਡਰੋਨ ਰਾਹੀਂ ਹਾਸਲ ਕੀਤੀਆਂ ਸਨ, ਜੋ ਕਿ ਇਸ ਲੜੀ ਵਿੱਚ ਅੱਗੇ ਸਪਲਾਈ ਕੀਤੀਆਂ ਜਾਣੀਆਂ ਸਨ।ਸੀਪੀ ਨੇ ਕਿਹਾ ਕਿ ਸੋਨੀ ਦੇ ਖੁਲਾਸੇ `ਤੇ, ਉਸਦੇ ਸਾਥੀ ਗੁਰਸੇਵਕ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਅਤੇ ਉਸਨੂੰ 8.037 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ।ਗੁਰਸੇਵਕ ਵੱਲੋਂ ਖੇਪਾਂ ਸ਼ਹਿਰ ਵਿੱਚ ਅੱਗੇ ਡਿਲੀਵਰ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਹੋਰ ਜਾਂਚ ਤੋਂ ਬਾਅਦ ਸੋਨੀ ਦੇ ਇਸ ਤਸਕਰੀ ਮਾਡਿਊਲ ਦੇ ਬਾਕੀ ਸਰਗਰਮ ਮੈਂਬਰਾਂ ਨੂੰ ਵੀ ਨਾਮਜ਼ਦ ਕਰਕੇ ਅਤੇ ਗ੍ਰਿਫ਼ਤਾਰ ਕੀਤਾ ਗਿਆ।