ਪੰਜ ਮੈਂਬਰੀ ਕਮੇਟੀ ਦੇ ਉਦੇਸ਼ਾਂ ਨੂੰ ਲੱਗੀ ਬਰੇਕ, ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦਾ ਨਾਮ ਵਰਤਣ ਤੋਂ ਰੋਕਿਆ


ਚੰਡੀਗੜ੍ਹ, 7 ਅਗੱਸਤ (ਨਿਊਜ਼ ਟਾਊਨ ਨੈਟਵਰਕ)
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਦਲ ਆਖ ਕੇ ਸੰਗਤ ਵਿਚ ਭਰਮ-ਭੁਲੇਖੇ ਪਾ ਰਹੀ ਪੰਜ ਮੈਂਬਰੀ ਕਮੇਟੀ ਨੂੰ ਨਵੇਂ ਹੁਕਮਨਾਮੇ ਵਿਚ ਅਜਿਹਾ ਨਾ ਕਰਨ ਦੇ ਆਦੇਸ਼ ਦਿਤੇ ਗਏ ਹਨ। ਹੁਕਮਨਾਮੇ ਵਿਚ ਹਾਲਾਂਕਿ ਕਿਤੇ ਵੀ ਪੰਜ ਮੈਂਬਰੀ ਕਮੇਟੀ ਸ਼ਬਦ ਨਹੀਂ ਵਰਤਿਆ ਗਿਆ ਪਰ ਅਕਾਲ ਤਖ਼ਤ ਸਾਹਿਬ ਦਾ ਨਾਮ ਪੰਜ ਮੈਂਬਰੀ ਕਮੇਟੀ ਹੀ ਵਰਤਦੀ ਆ ਰਹੀ ਸੀ ਅਤੇ ਬਾਦਲ ਦਲ ਨੂੰ ਭਗੌੜਾ ਦਲ ਆਖ ਕੇ ਪ੍ਰਚਾਰ ਕਰ ਰਹੀ ਸੀ। ਪੰਜ ਮੈਂਬਰੀ ਕਮੇਟੀ ਦੀਆਂ ਪਰਚੀਆਂ, ਫ਼ਲੈਕਸਾਂ ਅਤੇ ਹੋਰ ਪ੍ਰਚਾਰ ਸਮੱਗਰੀ ਉਤੇ ਲਿਖੀ ਹਰ ਤਹਿਰੀਰ ਉਤੇ ਇਹੀ ਦਾਅਵਾ ਕੀਤਾ ਜਾਂਦਾ ਸੀ ਕਿ ਉਨ੍ਹਾਂ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੈ।
ਪੰਜ ਮੈਂਬਰੀ ਕਮੇਟੀ ਨਾਲ ਜੁੜੇ ਕੁਝ ਲੋਕ ਨਵੇਂ ਹੁਕਮਨਾਮੇ ਨੂੰ ਵੀ ਸੁਖਬੀਰ ਸਿੰਘ ਬਾਦਲ ਨਾਲ ਜੋੜ ਕੇ ਵੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨਵੇਂ ਹੁਕਮਨਾਮੇ ਦੀ ਭਾਵਨਾ ਦਾ ਇਸ਼ਾਰਾ ਅਕਾਲੀ ਦਲ ਵੱਲ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ, ਸਿੱਖ ਚਿੰਤਕ ਅਤੇ ਸੀਨੀਅਰ ਪੱਤਰਕਾਰਾਂ ਨੇ ਨਵੇਂ ਹੁਕਮਨਾਮੇ ਨੂੰ ਪੰਜ ਮੈਂਬਰੀ ਕਮੇਟੀ ਨੂੰ ਤਾੜਨਾ ਦੇ ਰੂਪ ਵਿਚ ਵੇਖਿਆ ਹੈ। ਇਸ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਪ੍ਰਤੀਕਿਰਿਆ ਆਈ ਹੈ, ਉਸ ਦੀ ਭਾਸ਼ਾ ਵੀ ਬਹੁਤ ਤਲਖ਼ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੀ ਸਮਝੀ ਜਾ ਰਹੀ ਹੈ। ਪੰਜ ਮੈਂਬਰੀ ਕਮੇਟੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਚੁੱਲ੍ਹਾ ਸਮੇਟਣ ਲਈ ਕਿਉਂ ਆਦੇਸ਼ ਨਹੀਂ ਦਿਤਾ ਜਾ ਰਿਹਾ। ਪੰਜ ਮੈਂਬਰੀ ਕਮੇਟੀ ਨੇ ਜਥੇਦਾਰਾਂ ਨੂੰ ਹੀ ਸਵਾਲ ਪੁੱਛਣੇ ਆਰੰਭ ਕਰ ਦਿਤੇ ਹਨ ਅਤੇ ਸਿੰਘ ਸਾਹਿਬਾਨ ਨੂੰ ਕਟਗਹਿਰੇ ਵਿਚ ਖੜਾ ਕਰ ਲਿਆ ਹੈ। ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਬਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ ਅਤੇ ਹੋਰ ਲੀਡਰ ਜਿਹੜੇ ਖ਼ੁਦ ਨੂੰ ਅਕਾਲ ਤਖ਼ਤ ਸਾਹਿਬ ਨੂੰ 100 ਫ਼ੀ ਸਦੀ ਸਮਰਪਿਤ ਦੱਸ ਰਹੇ ਸਨ ਅਤੇ ਹਰ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾ ਕਰਨ ਦੀ ਜ਼ਿੱਦ ਉਤੇ ਅੜੇ ਸਨ, ਅੱਜ ਉਹੀ ਲੀਡਰ ਅਪਣੇ ਦਾਅਵੇ ਤੋਂ ਪਿੱਛੇ ਹਟਦੇ ਹੋਏ ਖ਼ੁਦ ਅਕਾਲ ਤਖ਼ਤ ਸਾਹਿਬ ਤੋਂ ਹੋਏ ਨਵੇਂ ਆਦੇ਼ਸ ਉਤੇ ਉਂਗਲਾਂ ਚੁੱਕਣ ਲੱਗ ਪਏ ਹਨ। ਨਵੇਂ ਹੁਕਮਨਾਮੇ ਵਿਚ ਸਾਫ਼ ਕਿਹਾ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ ਨੂੰ ਦਿਤੇ ਗਿਏ ਹੁਕਮਨਾਮੇ ਦੀ ਭਾਵਨਾ ਅਨੁਸਾਰ ਨਤੀਜੇ ਪ੍ਰਾਪਤ ਨਹੀਂ ਹੋਏ। ਇਸ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਨੂੰ ਮਜ਼ਬੂਤ ਅਤੇ ਇਕਜੁਟ ਕਰਨ ਦੀ ਥਾਂ ਸੁਖਬੀਰ ਵਿਰੋਧੀ ਲੋਕਾਂ ਨੂੰ ਹੀ ਇਕਜੁਟ ਕੀਤਾ ਅਤੇ ਭਰਤੀ ਕਰਵਾਈ। ਇਹੀ ਉਹੀ ਲੋਕ ਸਨ ਜਿਹੜੇ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਚਾਹੁੰਦੇ ਹਨ। ਇਹ ਵੀ ਆਖਿਆ ਜਾਣ ਲੱਗਾ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਮਕਸਦ ਪੰਥ ਨੂੰ ਇਕੱਠਾ ਕਰਨਾ ਨਹੀਂ ਸੀ ਸਗੋਂ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਕੋਈ ਨਿੱਜੀ ਰੰਜ਼ਿਸ਼ ਕੱਢਣਾ ਸੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਭਰਤੀ ਕਰਾਉਣ ਲਈ ਬਣੀ 7 ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ, ਉਨ੍ਹਾਂ ਨੇ ਵੀ ਇਹ ਕਹਿੰਦਿਆਂ ਅਸਤੀਫ਼ਾ ਦਿਤਾ ਸੀ ਕਿ ਕਈ ਬੈਠਕਾਂ ਤੋਂ ਬਾਅਦ ਵੀ ਮੈਂਬਰ ਇਕ ਮੱਤ ਨਹੀਂ ਹੋ ਰਹੇ, ਇਸ ਲਈ ਉਹ ਕਮੇਟੀ ਤੋਂ ਪਾਸੇ ਹੁੰਦੇ ਹਨ। 11 ਅਗੱਸਤ ਨੂੰ ਪੰਜ ਮੈਂਬਰੀ ਕਮੇਟੀ ਵਲੋਂ ਚੁਣੇ ਡੈਲੀਗੇਟਾਂ ਦਾ ਇਜਲਾਸ ਹੁੰਦਾ ਹੈ ਜਾਂ ਨਹੀਂ, ਇਸ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ।