ਸੈਰ ਕਰ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ


ਨਵਾਂ ਸ਼ਹਿਰ 2 ਜੁਲਾਈ (ਨਿਊਜ਼ ਟਾਊਨ ਨੈੱਟਵਰਕ) ਥਾਣਾ ਰਾਹੋਂ ਵਿਚ ਪੈਂਦੇ ਪਿੰਡ ਉਸਮਾਨਪੁਰ ਵਿਖੇ ਬੀਤੀ ਰਾਤ ਸੜਕ ’ਤੇ ਸੈਰ ਕਰ ਰਹੇ 30 ਸਾਲ ਦੇ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ. ਰਾਜ ਕੁਮਾਰ ਸੀ. ਏ. ਸਟਾਫ਼ ਦੇ ਇੰਚਾਰਜ ਜਰਨੈਲ ਸਿੰਘ ਥਾਣਾ ਰਾਹੋਂ ਦੇ ਇੰਸਪੈਕਟਰ ਨੀਰਜ ਚੌਧਰੀ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਚੁਕਵਾ ਕੇ ਸਿਵਲ ਹਸਪਤਾਲ ਭੇਜ ਦਿੱਤਾ।
ਨਵਾਂਸ਼ਹਿਰ ਦੇ ਡੀ. ਐੱਸ. ਪੀ. ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰਾ ਪੁੱਤਰ ਅਮਨਦੀਪ ਸਿੰਘ ਰੋਟੀ ਖਾ ਕੇ ਸੈਰ ਕਰਨ ਗਿਆ ਸੀ ਜਿਵੇਂ ਹੀ ਸਰਕਾਰੀ ਸਕੂਲ ਉਸਮਾਨਪੁਰ ਕੋਲ ਪਹੁੰਚਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਅਮਨਦੀਪ ਸਿੰਘ (30) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਅਮਨਦੀਪ ਸਿੰਘ ਦੇ ਸਿਰ ਵਿਚ ਗੋਲ਼ੀਆਂ ਲੱਗੀਆਂ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਦੇ-ਜਾਂਦੇ ਕਾਤਲ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਭੰਨ ਗਏ ਅਤੇ ਉਸ ਦਾ ਮੋਬਾਇਲ ਖੋਹ ਕੇ ਲੈ ਗਏ।
ਨਵਾਂਸ਼ਹਿਰ ਦੇ ਡੀ. ਐੱਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਰਾਹੋਂ ਵਿਖੇ ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨਾਂ ’ਤੇ ਇੰਸਪੈਕਟਰ ਨੀਰਜ ਚੌਧਰੀ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।