ਜਸਵੀਰ ਸਿੰਘ ਗੜ੍ਹੀ ਤੋਂ ਅੱਕੇ ਪੀੜ੍ਹਤਾਂ ਨੇ ਖੜਕਾਇਆ ‘ਕੌਮੀ ਕਮਿਸ਼ਨ’ ਦਾ ਦਰਵਾਜ਼ਾ

0
Screenshot 2026-01-16 162647

ਪੌਣੇ 4 ਸਾਲਾਂ ਤੋਂ ਜਗਰਾਓਂ ਥਾਣੇ ਮੂਹਰੇ ਪੱਕੇ ਧਰਨੇ ‘ਤੇ ਬੈਠੇ ਦੋ ਗ਼ਰੀਬ ਪਰਿਵਾਰ
ਸੰਘਰਸ਼ ਕਮੇਟੀ ਨੇ ਕਿਹਾ, ਨਹੀਂ ਦਿਸ ਰਹੇ 4 ਸਾਲ ਤੋਂ ਧਰਨੇ ‘ਤੇ ਬੈਠੇ ਪੀੜ੍ਹਤ ਪਰਿਵਾਰ

ਚੰਡੀਗੜ੍ਹ, 16 ਜਨਵਰੀ (ਦੁਰਗੇਸ਼ ਗਾਜਰੀ) : ਕਰੀਬ ਦੋ ਦਹਾਕਿਆਂ ਤੋਂ ਪੁਲਿਸ ਅੱਤਿਆਚਾਰਾਂ ਖ਼ਿਲਾਫ਼ ਨਿਆਂ ਲਈ ਜੱਦੋਜਹਿਦ ਕਰ ਰਹੇ ਤੇ ਪੌਣੇ 4 ਸਾਲਾਂ ਤੋਂ ਜਗਰਾਓਂ ਥਾਣੇ ਮੂਹਰੇ ਪੱਕੇ ਧਰਨੇ ‘ਤੇ ਬੈਠੇ ਦੋ ਗ਼ਰੀਬ ਪਰਿਵਾਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਦਿਸ ਨਹੀਂ ਰਹੇ। ਪੀੜਤਾਂ ਦੇ ਲਗਾਏ ਆਰੋਪਾਂ ਮੁਤਾਬਕ ਜਸਵੀਰ ਸਿੰਘ ਗੜ੍ਹੀ ਦੇ ਪੱਖਪਾਤੀ ਵਤੀਰੇ ਕਾਰਨ ਪੀੜ੍ਹਤਾਂ ਨੇ ਨਿਆਂ ਲੈਣ ਲਈ ਹੁਣ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲ ਰੁਖ਼ ਕੀਤਾ ਹੈ। ਪੀੜ੍ਹਤ ਪਰਿਵਾਰਾਂ ਦੇ ਮੈਂਬਰ ਤੇ ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਨੇ ਭਰੇ ਮਨ ਨਾਲ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਸਿਟੀ ਜਗਰਾਉਂ ਦੇ ਤੱਤਕਾਲੀ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਨੇ ਜਾਤੀ ਮੰਦਭਾਵਨਾ ਤਹਿਤ ਉਨ੍ਹਾਂ ਦੇ ਦੋ ਪਰਿਵਾਰਾਂ ਨੂੰ ਨਜਾਇਜ਼ ਹਿਰਾਸਤ ‘ਚ ਵਾਰੀ-ਵਾਰੀ ਘਰੋਂ ਅਗਵਾ ਕਰਕੇ, ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਨਾ ਸਿਰਫ਼ ਤੀਜੇ ਦਰਜੇ ਦੇ ਤਸੀਹੇ ਦਿੱਤੇ ਸਨ ਸਗੋਂ ਉਸ ਦੀ ਭੈਣ ਨੂੰ ਕਰੰਟ ਵੀ ਲਗਾਇਆ ਸੀ ਅਤੇ ਭਰਜਾਈ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਫਿਰ ਇਹਨਾਂ ਅੱਤਿਆਚਾਰਾਂ ਨੂੰ ਲਕੋਣ ਲਈ ਤੱਤਕਾਲੀ ਡੀਐੱਸਪੀ ਅਤੇ ਐਸਐਸਪੀ ਦੀ ਮਿਲੀਭੁਗਤ ਨਾਲ ਝੂਠੇ ਗਵਾਹ ਤੇ ਝੂਠਾ ਰਿਕਾਰਡ ਬਣਾ ਕੇ ਦੋ ਕੇਸਾਂ ਵਿੱਚ ਨਜਾਇਜ਼ ਫਸਾ ਦਿੱਤਾ ਸੀ। ਰਸੂਲਪੁਰ ਨੇ ਦੱਸਿਆ ਕਿ ਝੂਠੇ ਕੇਸਾਂ ਵਿਚੋਂ ਬਰੀ ਹੋਣ ਉਪਰੰਤ ਉਸ ਵਲੋਂ ਦਾਇਰ ਕੀਤੀਆਂ ਸ਼ਿਕਾਇਤਾਂ ਦੀ ਉੱਚ ਪੱਧਰੀ ਪੜ੍ਹਤਾਲ ਤੋਂ ਬਾਅਦ ਸਾਲ 2021 ਵਿੱਚ ਜਦ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਹੋ ਗਈ ਤਾਂ ਤੱਤਕਾਲੀ ਐਸਐਸਪੀ ਰਾਜਬਚਨ ਸਿੰਘ ਸੰਧੂ ਵਲੋਂ ਤੱਤਕਾਲੀ ਥਾਣਾਮੁਖੀ, ਤੱਤਕਾਲੀ ਚੋਂਕੀਮੁਖੀ ਤੇ ਪੰਚ-ਸਰਪੰਚ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਕੱਦਮੇ ਦੇ ਮੁੱਦਈ ਅਨੁਸਾਰ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ, ਮੁਆਵਜ਼ਾ ਅਤੇ ਮੁਕੱਦਮੇ ਤੋਂ ਬਾਹਰ ਰੱਖੀ ਪੀੜ੍ਹਤਾ ਮਨਪ੍ਰੀਤ ਕੌਰ ਦੇ ਜਿਨਸੀ ਸ਼ੋਸ਼ਣ ਸਬੰਧੀ ਐਫ਼ਆਈਆਰ ਦਰਜ਼ ਕਰਵਾਉਣ ਲਈ ਜਸਵੀਰ ਸਿੰਘ ਗੜ੍ਹੀ ਨੇ ਉਨ੍ਹਾਂ ਤੋਂ ਖ਼ੁਦ ਕਹਿਕੇ ਸ਼ਿਕਾਇਤਾਂ ਲਈਆਂ ਤੇ ਕਾਰਵਾਈ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਗੜ੍ਹੀ ਨੇ ਦੋ ਤਰੀਕਾਂ ‘ਤੇ ਤਾਂ ਪੁਲਿਸ ਅਧਿਕਾਰੀਆਂ ਨੂੰ ਬੜ੍ਹੇ ਦਬਕੇ ਮਾਰੇ ਪਰ ਬਾਅਦ ਵਿੱਚ ਇੱਕ ਦਮ ਠੁੱਸ ਹੋ ਗਿਆ, ਇਥੋਂ ਤੱਕ ਕਿ ਉਨ੍ਹਾਂ ਨੂੰ ਮਿਲਣ ਤੋਂ ਵੀ ਜਵਾਬ ਦੇ ਦਿੱਤਾ। ਰਸੂਲਪੁਰ ਅਨੁਸਾਰ ਗੜ੍ਹੀ ਦੇ ਪੱਖਪਾਤੀ ਵਤੀਰੇ ਕਾਰਨ ਹੁਣ ਉਹ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਸਵੀਰ ਸਿੰਘ ਗੜ੍ਹੀ ਸੰਵਿਧਾਨਕ ਅਹੁਦੇ ‘ਤੇ ਬੈਠ ਕੇ ਪੱਖਪਾਤੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਸਾਲ 2004 ਤੋਂ ਪੁਲਿਸ ਅੱਤਿਆਚਾਰਾਂ ਦੇ ਸ਼ਿਕਾਰ ਹਨ ਅਤੇ ਉਸ ਸਮੇਂ ਤੋਂ ਹੀ ਪੀੜਤ ਸ਼ਿਕਾਇਤਕਰਤਾ ਇੰਜੀਨੀਅਰ ਦਰਸ਼ਨ ਸਿੰਘ ਧਾਲੀਵਾਲ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪਾਸ ਦਰਜ ਕਰਵਾਈ ਸ਼ਿਕਾਇਤ ਨੰਬਰ 383/2005 ਲੰਬਤ ਚੱਲ ਰਹੀ ਹੈ ਪਰ ਬਾਵਜੂਦ ਇੰਨਾਂ ਸਮਾਂ ਬੀਤਣ ਦੇ ਜਸਵੀਰ ਸਿੰਘ ਗੜ੍ਹੀ ਨਿਆਂ ਦੇਣ ਲਈ ਸੁਹਿਰਦ ਨਹੀਂ ਜਾਪ ਰਿਹਾ।

Leave a Reply

Your email address will not be published. Required fields are marked *