ਨੰਗਲ ਵਿਚ ਤਿੰਨ ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ!


(ਨਿਊਜ਼ ਟਾਊਨ ਨੈਟਵਰਕ)
ਨੰਗਲ, 17 ਸਤੰਬਰ : ਨੰਗਲ ਟਰੱਕ ਯੂਨੀਅਨ ਦੇ ਨੇੜੇ ਬਣੀ ਝੌਂਪੜ ਬਸਤੀ ਵਿਚ ਦੋ ਧੀਆਂ ਅਤੇ ਇਕ ਪੁੱਤਰ ਦੇ ਪਿਤਾ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਛਾਣ ਸ਼ੇਰੂ ਉਮਰ 35 ਸਾਲ ਦੇ ਰੂਪ ਵਿਚ ਹੋਈ ਜੋ ਪ੍ਰਵਾਸੀ ਸੀ ਪਰ ਕਾਫੀ ਸਮੇਂ ਤੋਂ ਨੰਗਲ ਵਿੱਚ ਹੀ ਰਹਿੰਦਾ ਤੇ ਆਟੋ ਚਲਾਉਂਦਾ ਸੀ। ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਿਹਾ ਸੀ। ਇਸ ਵੇਲੇ ਪੁਲਿਸ ਨੇ ਡੈੱਡਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮ੍ਰਿਤਕ ਸ਼ੇਰੂ ਦੀ ਪਤਨੀ ਰਾਜ ਕੁਮਾਰੀ ਨੇ ਦੱਸਿਆ ਕਿ ਜਦੋਂ ਸ਼ੇਰੂ ਨੇ ਫਾਹਾ ਲਾਇਆ, ਉਸ ਸਮੇਂ ਉਹ ਘਰ ਵਿੱਚ ਅਕੇਲਾ ਸੀ। ਰਾਜ ਕੁਮਾਰੀ ਨੇ ਕਿਹਾ ਕਿ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਆਸ-ਪੜੋਸ ਦੇ ਲੋਕਾਂ ਨੇ ਛੱਤ ਉੱਪਰੋਂ ਟੀਂਨ ਹਟਾ ਕੇ ਵੇਖਿਆ ਤਾਂ ਸ਼ੇਰੂ ਨੇ ਫਾਹਾ ਲਾਇਆ ਹੋਇਆ ਸੀ। ਰਾਜ ਕੁਮਾਰੀ ਨੇ ਦੱਸਿਆ ਕਿ ਉਹ ਹੱਦ ਤੋਂ ਵੱਧ ਸ਼ਰਾਬ ਪੀਣ ਦਾ ਆਦੀ ਸੀ। ਇਸ ਮਾਮਲੇ ਬਾਰੇ ਜਾਣਕਾਰੀ ਲਈ ਜਦੋਂ ਥਾਣਾ ਪ੍ਰਧਾਨ ਇੰਸਪੈਕਟਰ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਡੈੱਡਬਾਡੀ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਹੁਣ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।