ਲੈਂਡ ਪੂਲਿੰਗ ਨੀਤੀ ਵਿਰੁਧ 30 ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਦੀ ਤਿਆਰੀ


ਬਿਜਲੀ ਦੇ ਸਮਾਰਟ ਮੀਟਰਾਂ ਦਾ ਵੀ ਕੀਤਾ ਜਾਵੇਗਾ ਵਿਰੋਧ
(ਗੁਰਪ੍ਰਤਾਪ ਸਾਹੀ)
ਪਟਿਆਲਾ, 27 ਜੁਲਾਈ : ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਧਰਮਪਾਲ ਸੀਲ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਦੁਖ ਨਿਵਾਰਨ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸੂਬੇ ਦੇ ਦਿਤੇ ਨਿਰਦੇਸ਼ ਤਹਿਤ ਸਰਬ ਸੰਮਤੀ ਨਾਲ ਤਹਿ ਕੀਤਾ ਗਿਆ ਕਿ ਕਿਸਾਨਾਂ ਤੇ ਸਾਰੇ ਵਰਗਾਂ ਵਿਰੁਧ ਪਾਸ ਕੀਤੀ ਗਈ ਲੈਂਡ ਪੂਲ ਪਾਲਿਸੀ ਅਤੇ ਬਿਜਲੀ ਦੇ ਸਮਾਰਟ ਮੀਟਰਾਂ ਦੇ ਸਖ਼ਤ ਵਿਰੋਧ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ। ਟਰੈਕਟਰ ਮਾਰਚ ਲਈ ਪਟਿਆਲਾ ਦੇ ਪਸਿਆਣਾ ਚੌਕ ਹਾਈਵੇ ਪੁਲ ਹੇਠ ਸਾਢੇ ਦਸ ਵਜੇ ਤੀਹ ਜੁਲਾਈ ਨੂੰ ਟਰੈਕਟਰ ਇਕੱਠੇ ਕਰਨ ਉਪਰੰਤ ਲੈਂਡ ਪਾਲਿਸੀ ਤਹਿਤ ਨੋਟੀਫਾਈ ਕੀਤੇ ਗਏ ਪਿੰਡ ਪਸਿਆਣਾ ਤੋਂ ਸ਼ੁਰੂ ਕਰਕੇ ਸ਼ੇਰਮਾਜਰਾ, ਚੌਰਾ ਤੋਂ ਵਾਇਆ ਸਨੌਰ, ਫਲੌਲੀ ਸਾਧੂ ਬੇਲਾ ਤਕ ਜਾ ਕੇ ਸਮਾਪਤੀ ਕੀਤੀ ਜਾਵੇਗੀ। ਹਾਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਸਖ਼ਤ ਰੋਸ ਪਰਗਟਾਉਂਦੇ ਹੋਏ ਲੈਂਡ ਪੂਲ ਪਾਲਿਸੀ ਤੇ ਬਿਜਲੀ ਦੇ ਸਮਾਰਟ ਮੀਟਰਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਜੋ ਕਿਸਾਨਾਂ ਤੇ ਸਾਰੇ ਵਰਗਾਂ ਦਾ ਉਜਾੜਾ ਬਣਨਗੇ। ਇਸ ਦੇ ਨਾਲ ਹੀ ਇਨ੍ਹਾਂ ਨੀਤੀਆਂ ਨੂੰ ਪੰਜਾਬ ਦੇ ਕਿਸਾਨ ਅਤੇ ਆਮ ਲੋਕਾਂ ਵਲੋਂ ਉਕਾ ਹੀ ਬਰਦਾਸ਼ਤ ਨਾ ਕਰਨ ਦਾ ਇਰਾਦਾ ਪ੍ਰਗਟਾਇਆ ਗਿਆ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ, ਬਲਰਾਜ ਜੋਸ਼ੀ, ਬਲਜੀਤ ਸਿੰਘ , ਦਵਿੰਦਰ ਸਿੰਘ ਪੂਨੀਆ, ਨਰਿੰਦਰ ਸਿੰਘ ਲੇਹਲਾਂ, ਅਮਰਜੀਤ, ਜਗਪਾਲ ਸਿੰਘ, ਹਰਬੰਸ ਸਿੰਘ, ਪਵਨ ਸੋਗਲਪੁਰ, ਸੁਖਵਿੰਦਰ ਤੁੱਲੇਵਾਲ, ਰਾਜ ਕਿਸ਼ਨ, ਰਤਨ ਸਿੰਘ, ਗੁਰਪਰੀਤ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਪਰੀਤਮ ਸਿੰਘ, ਸੱਤਪਾਲ ਸਿੰਘ, ਜੀਵਨ ਸਿੰਘ, ਅਜੈਬ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ।
