ਕਿਸਾਨਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਗੜ੍ਹੇਮਾਰੀ ਨਾਲ ਹੋ ਰਹੀ ਤਬਾਹ, ਮੁੱਖ ਮੰਤਰੀ ਬਰਸਾਤੀ ਟੈਂਟਾਂ ‘ਚ ਕਰ ਰਿਹਾ ਰੈਲੀਆਂ : ਸੁਨੀਲ ਜਾਖੜ

‘ਕਾਂਗਰਸ ਸਰਕਾਰ ਵਾਲੀ ਰਾਜਸਥਾਨ ਦੀ ਕੰਪਨੀ ਤੋਂ ਹੀ ‘ਆਪ’ ਸਰਕਾਰ ਨੇ ਤਿਆਰ ਕਰਵਾਈਆਂ ਬੱਸਾਂ, ਭ੍ਰਿਸ਼ਟਾਚਾਰ ਵਿਰੁਧ ਜੰਗ ਇੱਕ ਇਸ਼ਤਿਹਾਰੀ ਮੁਹਿੰਮ’

ਚੰਡੀਗੜ੍ਹ, 6 ਅਪ੍ਰੈਲ (ਦੁਰਗੇਸ਼ ਗਾਜਰੀ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਵਾਟਰ ਪਰੂਫ ਟੈਂਟਾਂ ਵਿੱਚ ਰੈਲੀਆਂ ਕਰ ਰਹੇ ਹਨ, ਪਰ ਪੰਜਾਬ ਦੇ ਕਿਸਾਨਾਂ ਦੀ ਫਸਲ ਬੇ-ਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਮਾਰੀ ਜਾ ਰਹੀ ਹੈ ਅਤੇ ਉਹਨਾਂ ਦੀ ਸਾਰ ਲੈਣ ਦਾ ਸਮਾਂ ਸੂਬਾ ਸਰਕਾਰ ਕੋਲ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦੇ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣਾ ਚਾਹੀਦਾ ਹੈ। ਇਸ ਲਈ ਕੇਂਦਰ ਸਰਕਾਰ ਤੋਂ ਆਪਦਾ ਰਾਹਤ ਫੰਡ ਤਹਿਤ ਭੇਜੇ ਗਏ 13000 ਕਰੋੜ ਤੋਂ ਵੱਧ ਦੀ ਰਕਮ ਪਹਿਲਾਂ ਹੀ ਸੂਬਾ ਸਰਕਾਰ ਕੋਲ ਪਈ ਹੈ। ਜੋ ਕਿ ਪਿਛਲੇ ਦਿਨੀ ਮੁੱਖਮੰਤਰੀ ਨੇ 6 ਮਹੀਨੇ ਬਾਦ ਉਹ ਖੁਦ ਮੰਨੇ ਹਨl ਉਹਨਾਂ ਭਗਵੰਤ ਸਿੰਘ ਮਾਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮੰਡੀਆਂ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਜਿੱਥੇ ਸ਼ੈਡ ਦੀ ਸਹੂਲਤ ਪਹਿਲਾਂ ਤੋਂ ਉਪਲਬਧ ਹੁੰਦੀ ਹੈ ਉੱਥੇ ਵੀ ਆਪਣੇ ਚਹੇਤੇ ਦਿੱਲੀ ਤੋਂ ਆਏ ਲੋਕਾਂ ਨੂੰ ਲਾਭ ਦੇਣ ਲਈ ਵਾਟਰਪਰੂਫ ਟੈਂਟ ਲਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਦੀ ਫਸਲ ਖੁੱਲੇ ਅਸਮਾਨ ਹੇਠ ਖਰਾਬ ਹੋ ਰਹੀ ਹੈ। ਸੂਬਾ ਭਾਜਪਾ ਪ੍ਰਧਾਨ ਨੇ ਅੱਜ ਸਾਬਕਾ ਕਾਂਗਰਸ ਪ੍ਰਧਾਨ ਲਾਲ ਸਿੰਘ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਦੌਰਾਨ ਉਨਾਂ ਨੇ ਆਖਿਆ ਕਿ ਸੂਬੇ ਦੀ ਆਪ ਸਰਕਾਰ ਉਸੇ ਹੀ ਕੰਪਨੀ ਤੋਂ ਬੱਸਾਂ ਤਿਆਰ ਕਰਵਾ ਰਹੇ ਹੈ ਜਿਸ ਕੰਪਨੀ ਤੋਂ ਬੱਸਾਂ ਤਿਆਰ ਕਰਵਾਉਣ ਦਾ ਦੋਸ਼ ਲਗਾ ਕੇ ਕਾਂਗਰਸ ਨੂੰ ਸਰੰਡਰ ਕਰਨ ਲਈ ਮੁੱਖ ਮੰਤਰੀ ਨੇ ਮਜਬੂਰ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਾਫ ਪ੍ਰਮਾਣ ਹੈ ਕਿ ਹਾਥੀ ਦੇ ਦੰਦ ਵਿਖਾਣ ਦੇ ਹੋਰ ਅਤੇ ਖਾਣ ਦੇ ਹੋਰ ਹਨ ਅਤੇ ਸਰਕਾਰ ਭ੍ਰਸ਼ਟਾਚਾਰ ਰੋਕਣ ਸਬੰਧੀ ਸਿਰਫ ਇਸ਼ਤਿਹਾਰੀ ਦਾਅਵੇ ਕਰਦੀ ਹੈ ਜਦਕਿ ਪੰਜਾਬ ਦੇ ਖਜ਼ਾਨੇ ਨੂੰ ਦੋਹੀ ਹੱਥੀ ਲੁੱਟਿਆ ਜਾ ਰਿਹਾ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਰਾਜ ਵਿੱਚ ਭ੍ਰਿਸਟਾਚਾਰ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ ਉੱਥੇ ਹੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਅਤੇ ਨਸ਼ੇ ਪੰਜਾਬ ਦੇ ਲੋਕਾਂ ਲਈ ਗੰਭੀਰ ਚੁਨੌਤੀ ਬਣੇ ਹੋਏ ਹਨ। ਉਹਨਾਂ ਆਖਿਆ ਕਿ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਆਪਣੇ ਪੰਜਾਬ ਦੌਰੇ ਦੌਰਾਨ ਬਦਲ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਲੋਕਾਂ ਸਾਹਮਣੇ ਭਾਜਪਾ ਦਾ ਰੋਡ ਮੈਪ ਰੱਖਿਆ ਸੀ ਅਤੇ ਉਹਨਾਂ ਦੇ ਇਸ ਦੌਰੇ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਖਿਲਾਫ ਫੈਲਾਈ ਭਰਮ ਟੁੱਟ ਰਹੇ ਹਨ । ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਮਰੱਥ ਲੀਡਰਸ਼ਿਪ ਹੀ ਪੰਜਾਬ ਵਿੱਚ ਅਮਨ ਸ਼ਾਂਤੀ, ਨਸ਼ਿਆਂ ਦੀ ਰੋਕਥਾਮ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਮਜਬੂਤ ਕਰ ਸਕਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਇਸ ਬਦਲਾਅ ਦਾ ਮਨ ਬਣਾ ਲਿਆ ਹੈ।


