ਨਡਾਲਾ ‘ਚ ਸੈਰ ਕਰਦੇ ਕਿਸਾਨ ਨੂੰ ਦਾਤਰ ਦੀ ਨੋਕ ’ਤੇ ਲੁੱਟਿਆ

ਲੁਟੇਰੇ ਨਕਦੀ ਅਤੇ ਮੋਬਾਇਲ ਫੋਨ ਖੋਹ ਕੇ ਮੌਕੇ ਤੋਂ ਫ਼ਰਾਰ

ਕਪੂਰਥਲਾ, 4 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਨਡਾਲਾ ਇਲਾਕੇ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਕਿਸਾਨ ਯੂਨੀਅਨ ਨਡਾਲਾ ਦੇ ਆਗੂ ਗੁਰਨਾਮ ਸਿੰਘ ਸਲੈਚ ਨਾਲ ਸ਼ਾਮ ਵੇਲੇ ਸੈਰ ਦੌਰਾਨ ਦਾਤਰ ਦੀ ਨੋਕ ’ਤੇ ਲੁੱਟਖੋਹ ਦੀ ਸਨਸਨੀਖੇਜ਼ ਵਾਰਦਾਤ ਵਾਪਰੀ। ਜਾਣਕਾਰੀ ਮੁਤਾਬਕ ਪੀੜਤ ਗੁਰਨਾਮ ਸਿੰਘ ਆਪਣੇ ਸਾਥੀ ਜੋਗਿੰਦਰ ਸਿੰਘ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਨਿਹਾਲਗੜ੍ਹ ਲਿੰਕ ਰੋਡ ’ਤੇ ਟਹਿਲ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੁਝ ਅਣਪਛਾਤੇ ਵਿਅਕਤੀ ਉਥੇ ਪਹੁੰਚੇ ਅਤੇ ਦਾਤਰ ਦਿਖਾ ਕੇ ਉਨ੍ਹਾਂ ਨੂੰ ਡਰਾ-ਧਮਕਾ ਦਿੱਤਾ। ਲੁਟੇਰਿਆਂ ਨੇ ਉਨ੍ਹਾਂ ਕੋਲੋਂ ਨਗਦੀ ਅਤੇ ਮੋਬਾਇਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਤੁਰੰਤ ਨਡਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਘਟਨਾ ਨੂੰ ਲੈ ਕੇ ਕਿਸਾਨ ਯੂਨੀਅਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
