ਕਿਸਾਨ ਆਗੂ ਚੜੂਨੀ ਨੇ DFC ਅਧਿਕਾਰੀ ਨੂੰ ਜੜ੍ਹਿਆ ਥੱਪੜ, ਹਿਰਾਸਤ ‘ਚ ਲਿਆ


ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ
(ਨਿਊਜ਼ ਟਾਊਨ ਨੈਟਵਰਕ)
ਕੁਰੂਕਸ਼ੇਤਰ, 15 ਅਕਤੂਬਰ : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਡੀ.ਐਫ.ਸੀ. ਰਾਜੇਸ਼ ਆਰੀਆ ਨੂੰ ਥੱਪੜ ਮਾਰ ਦਿਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਚਡੂਨੀ ਨੂੰ ਹਿਰਾਸਤ ਵਿਚ ਲੈ ਲਿਆ। ਰਿਪੋਰਟਾਂ ਅਨੁਸਾਰ ਝੋਨੇ ਦੀ ਖ਼ਰੀਦ ਵਿਚ ਦੇਰੀ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਸਾਹਮਣੇ ਵੱਡੀ ਗਿਣਤੀ ਵਿਚ ਕਿਸਾਨ ਡੀ.ਸੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸਥਿਤੀ ਅਚਾਨਕ ਗਰਮਾ ਗਈ ਅਤੇ ਇਕ ਬਹਿਸ ਦੌਰਾਨ ਚਡੂਨੀ ਨੇ ਰਾਜੇਸ਼ ਆਰੀਆ ਨੂੰ ਥੱਪੜ ਮਾਰ ਦਿਤਾ। ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ। ਕੁਰੂਕਸ਼ੇਤਰ ਵਿਚ ਵੱਡੀ ਗਿਣਤੀ ਵਿਚ ਪੁਲਿਸ ਫ਼ੌਰਸ ਤਾਇਨਾਤ ਕੀਤੀ ਗਈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਗੁਰਨਾਮ ਸਿੰਘ ਚੜੂਨੀ ਵਿਰੋਧ ਪ੍ਰਦਰਸ਼ਨ ਦੌਰਾਨ ਟਰੈਕਟਰ-ਟਰਾਲੀ ‘ਤੇ ਸਵਾਰ ਸੀ। ਉਹ ਟਰਾਲੀ ਤੋਂ ਉਤਰਿਆ ਅਤੇ ਪੁਲਿਸ ਅਧਿਕਾਰੀਆਂ ਨਾਲ ਘਿਰਿਆ ਹੋਇਆ ਡੀ.ਐਫ਼.ਸੀ. ਰਾਜੇਸ਼ ਆਰੀਆ ਨੂੰ ਥੱਪੜ ਮਾਰ ਦਿਤਾ। ਪੁਲਿਸ ਅਧਿਕਾਰੀ ਅਤੇ ਸਟਾਫ ਚੜੂਨੀ ਦੇ ਇਰਾਦਿਆਂ ਤੋਂ ਅਣਜਾਣ ਸਨ। ਚੜੂਨੀ ਨੂੰ ਹੁਣ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ, ਬੀਕੇਯੂ ਅਤੇ ਪ੍ਰਸ਼ਾਸਨ ਹੁਣ ਆਹਮੋ-ਸਾਹਮਣੇ ਹੋ ਗਏ ਹਨ। ਬੁੱਧਵਾਰ ਨੂੰ ਵੱਡੀ ਗਿਣਤੀ ਵਿਚ ਕਿਸਾਨ ਡੀ.ਸੀ ਦਫ਼ਤਰ ਦੇ ਬਾਹਰ ਅਤੇ ਮਿੰਨੀ ਸਕੱਤਰੇਤ ਦੇ ਸਾਹਮਣੇ ਇਕੱਠੇ ਹੋਏ ਅਤੇ ਝੋਨੇ ਦੀ ਲਿਫ਼ਟਿੰਗ ਦਾ ਵਿਰੋਧ ਕੀਤਾ। ਥੱਪੜ ਮਾਰਨ ਤੋਂ ਬਾਅਦ ਪੁਲਿਸ ਹੁਣ ਦੋ ਦਰਜਨ ਤੋਂ ਵੱਧ ਕਿਸਾਨਾਂ ਨੂੰ ਬੱਸ ਵਿਚ ਕਿਸੇ ਅਣਜਾਣ ਥਾਂ ‘ਤੇ ਲੈ ਗਈ ਹੈ।