Mohali ਦੇ ਨਿੱਜੀ ਹਸਪਤਾਲ ਵਿੱਚ ਬੱਚੇ ਨੂੰ ਲੈਕੇ ਪਰਿਵਾਰ ਨੇ ਕੀਤਾ ਹੰਗਾਮਾ


ਮੋਹਾਲੀ, 13 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਮੋਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਕਰਨਾਲ ਤੋਂ ਆਏ ਸੰਦੀਪ ਸਿੰਘ ਨਾਮ ਦੇ ਵਿਅਕਤੀ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਸਟਾਫ਼ ਨੇ ਪਹਿਲਾਂ ਉਨ੍ਹਾਂ ਨੂੰ ਦੱਸਿਆ ਕਿ ਨਵਜੰਮਿਆ ਬੱਚਾ ਮੁੰਡਾ ਹੈ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਅਪਣੀ ਪਤਨੀ ਰਮਨਦੀਪ ਕੌਰ ਨੂੰ ਦੋ ਦਿਨ ਪਹਿਲਾਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਉਲਝਣ ਅਤੇ ਗ਼ਲਤ ਜਾਣਕਾਰੀ ਕਾਰਨ ਉਨ੍ਹਾਂ ਨੂੰ ਹਸਪਤਾਲ ਪ੍ਰਬੰਧਨ ’ਤੇ ਬੱਚੇ ਨੂੰ ਬਦਲਣ ਦਾ ਸ਼ੱਕ ਹੈ। ਉਨ੍ਹਾਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਹੈ। ਪਰਿਵਾਰ ਦੇ ਦੋਸ਼ਾਂ ਅਨੁਸਾਰ ਜਿਵੇਂ ਹੀ ਨਰਸ ਨੇ ਜਣੇਪੇ ਤੋਂ ਬਾਅਦ ਨਵਜੰਮੇ ਬੱਚੇ ਨੂੰ ਵਿਖਾਇਆ ਅਤੇ ਪਿਤਾ ਸੰਦੀਪ ਸਿੰਘ ਨੂੰ ‘ਮੁੰਡਾ ਹੋਇਆ ਕਹਿ ਕੇ ਵਧਾਈ ਦਿੱਤੀ ਤਾਂ ਪੂਰੇ ਪਰਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਸੰਦੀਪ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਇਥੋਂ ਤੱਕ ਕਿ ਪਰਿਵਾਰਕ ਮੈਂਬਰ ਲੱਡੂ ਖ਼ਰੀਦਣ ਲਈ ਬਾਜ਼ਾਰ ਗਏ। ਪਰ ਲਗਭਗ ਅੱਧੇ ਘੰਟੇ ਬਾਅਦ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਨਵਜੰਮੀ ਅਸਲ ਵਿਚ ਕੁੜੀ ਹੈ। ਸੰਦੀਪ ਸਿੰਘ ਕਹਿੰਦੇ ਹਨ, “ਮੇਰੀਆਂ ਪਹਿਲਾਂ ਹੀ ਦੋ ਧੀਆਂ ਹਨ। ਜੇ ਧੀ ਹੁੰਦੀ ਤਾਂ ਮੈਨੂੰ ਦੁੱਖ ਨਾ ਹੁੰਦਾ ਪਰ ਸਾਨੂੰ ਪਹਿਲਾਂ ਜਾਣਕਾਰੀ ਪੁੱਤਰ ਦੀ ਹੀ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਨਾਲ ਉਨ੍ਹਾਂ ਨੂੰ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਬੱਚਾ ਤਬਦੀਲ ਕਰ ਦਿੱਤਾ ਹੈ। ਇਸ ਪ੍ਰਗਟਾਵੇ ਤੋਂ ਬਾਅਦ ਪਰਿਵਾਰਕ ਮੈਂਬਰ ਰੋਣ ਲੱਗ ਪਏ ਅਤੇ ਹਸਪਤਾਲ ਵਿਚ ਹੰਗਾਮਾ ਕਰਨ ਲੱਗ ਪਏ ਅਤੇ ਸਟਾਫ਼ ਤੋਂ ਜਵਾਬ ਮੰਗਿਆ।
ਸੂਤਰਾਂ ਅਨੁਸਾਰ ਪਰਿਵਾਰ ਨੇ ਹਸਪਤਾਲ ਪ੍ਰਬੰਧਨ ’ਤੇ ਗੰਭੀਰ ਦੋਸ਼ ਲਗਾਏ ਹਨ ਜਦਕਿ ਇਸ ਮਾਮਲੇ ਵਿਚ ਹਸਪਤਾਲ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਥਾਨਕ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਵਿਵਾਦ ਪਰਿਵਾਰ ਅਤੇ ਹਸਪਤਾਲ ਪ੍ਰਸ਼ਾਸਨ ਵਿਚਕਾਰ ਝਗੜੇ ਦਾ ਕਾਰਨ ਬਣ ਗਿਆ ਹੈ।