ਹੁਣ ਫ਼ਰਜ਼ੀ GST ਚਲਾਨ ਜਾਰੀ ਕਰਨ ਵਾਲਿਆਂ ਦੀ ਖੈਰ ਨਹੀਂ, ਕੀਤਾ ਪਰਦਾਫਾਸ਼


ਨਵੀਂ ਦਿੱਲੀ 12 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਜੁਡ਼ੀ ਇੰਟੈਲੀਜੈਂਸ ਬ੍ਰਾਂਚ ਡੀ. ਜੀ. ਜੀ. ਆਈ. ਨੇ ਰਾਸ਼ਟਰੀ ਰਾਜਧਾਨੀ ’ਚ ਘੱਟ ਤੋਂ ਘੱਟ 6 ਕੰਪਲੈਕਸਾਂ ਦੀ ਤਲਾਸ਼ੀ ਲੈਣ ਦੇ ਨਾਲ 266 ਕਰੋੜ ਰੁਪਏ ਦੇ ਫਰਜ਼ੀ ਚਲਾਨ ਅਤੇ ਫਰਜ਼ੀ ਕੰਪਨੀਆਂ ਵੱਲੋਂ 48 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕਰਨ ਦਾ ਖੁਲਾਸਾ ਕੀਤਾ ਹੈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਦੀ ਬੈਂਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਕਿਸੇ ਕਾਰੋਬਾਰੀ ਗਤੀਵਿਧੀ ਤੋਂ ਬਿਨਾਂ 4 ਕੰਪਨੀਆਂ ਨੇ ਕਰੋੜਾਂ ਰੁਪਏ ਮੁੱਲ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਪ੍ਰਾਪਤੀ ਵਿਖਾਈ ਹੈ।
ਦਿੱਲੀ ’ਚ 6 ਤੋਂ ਵੱਧ ਕੰਪਲੈਕਸਾਂ ਦੀ ਲਈ ਤਲਾਸ਼ੀ
ਬਿਆਨ ਮੁਤਾਬਕ, ਡੀ. ਜੀ. ਜੀ. ਆਈ. ਦੀ ਬੈਂਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਦਿੱਲੀ ’ਚ 6 ਤੋਂ ਵੱਧ ਕੰਪਲੈਕਸਾਂ ’ਚ ਤਲਾਸ਼ੀ ਲਈ ਅਤੇ 266 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਫਰਜ਼ੀ ਚਲਾਨ ਬਰਾਮਦ ਕੀਤੇ। ਇਨ੍ਹਾਂ ’ਚ ਫਰਜ਼ੀ ਕੰਪਨੀਆਂ ਵੱਲੋਂ 48 ਕਰੋੜ ਰੁਪਏ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਹਾਸਲ ਕਰਨਾ ਅਤੇ ਉਸ ਨੂੰ ਅੱਗੇ ਵਧਾਉਣਾ ਸ਼ਾਮਲ ਸੀ। ਜਾਂਚ ਤੋਂ ਪਤਾ ਲੱਗਾ ਕਿ ਸ਼ੁਰੂਆਤ ’ਚ ਇਸ ਮਾਮਲੇ ਦਾ ਮੁੱਖ ਮਾਸਟਰਮਾਈਂਡ ਇਕ ਚਾਰਟਰਡ ਅਕਾਊਂਟੈਂਟ ਸੀ, ਜੋ ਇਨ੍ਹਾਂ ਕੰਪਨੀਆਂ ਦੇ ਲੈਣ-ਦੇਣ ਦਾ ਪ੍ਰਬੰਧਨ ਕਰਦਾ ਸੀ।
ਇਨ੍ਹਾਂ ਕੰਪਨੀਆਂ ਦੇ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ ਮਾਸਟਰਮਾਈਂਡ ਦੇ ਕੰਪਲੈਕਸਾਂ ਤੋਂ ਚਲਾਨ ਅਤੇ ਮੋਹਰ ਵਰਗੇ ਮੂਲ ਦਸਤਾਵੇਜ਼ ਮਿਲੇ। ਇਸ ਮਾਮਲੇ ਦੇ ਮੁੱਖ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀ. ਜੀ. ਜੀ. ਆਈ. ਨੇ ਇਸ ਧੋਖਾਦੇਹੀ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ।