ਰਾਜਸਥਾਨ ਦੇ ਭਿਵਾੜੀ ‘ਚ ਨਾਜਾਇਜ਼ ਪਟਾਕਾ ਫ਼ੈਕਟਰੀ ‘ਚ ਧਮਾਕਾ, 8 ਮਜ਼ਦੂਰ ਜ਼ਿੰਦਾ ਸੜੇ


ਭਿਵਾੜੀ, 16 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਕਸਬੇ ਅੰਦਰ ਸੋਮਵਾਰ ਨੂੰ ਆਤਿਸ਼ਬਾਜ਼ੀ ਬਣਾਉਣ ਵਾਲੀ ਇਕ ਨਾਜਾਇਜ਼ ਫ਼ੈਕਟਰੀ ’ਚ ਅੱਗ ਲੱਗਣ ਕਰਾਨ 8 ਮਜ਼ਦੂਰਾਂ ਦੀ ਸੜ ਕੇ ਮੌਤ ਹੋ ਗਈ ਅਤੇ 4 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਭਿਵਾੜੀ ਦੇ ਖੁਸ਼-ਖੇੜਾ-ਕਰੋਲੀ ਉਦਯੋਗਿਕ ਖੇਤਰ ’ਚ ਵਾਪਰਿਆ। ਜਾਣਕਾਰੀ ਮੁਤਾਬਕ ਇਹ ਇਕ ਕੈਮੀਕਲ ਫ਼ੈਕਟਰੀ ਸੀ ਪਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ। ਅਹਾਤੇ ਨੂੰ ਕਪੜਾ ਫ਼ੈਕਟਰੀ ਦੇ ਨਾਂ ’ਤੇ ਕਿਰਾਏ ’ਤੇ ਲਿਆ ਗਿਆ ਸੀ ਪਰ ਸ਼ੁਰੂਆਤੀ ਰੀਪੋਰਟ ਅਨੁਸਾਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਨਿਯਮਤ ਗਸ਼ਤ ਦੌਰਾਨ ਮਿਲੀ, ਇਸ ਤੋਂ ਬਾਅਦ ਤੁਰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਜ਼ਿਲ੍ਹਾ ਅਧਿਕਾਰੀ ਅਤਰਿਕਾ ਸ਼ੁਕਲਾ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ। ਸ਼ੁਰੂਆਤੀ ਰੀਪੋਰਟ ਅਨੁਸਾਰ ਫ਼ੈਕਟਰੀ ’ਚ 20 ਤੋਂ ਜ਼ਿਆਦਾ ਲੋਕ ਮੌਜੂਦ ਸਨ। ਅੱਗ ਲਗਦਿਆਂ ਹੀ ਕਈ ਮਜ਼ਦੂਰ ਬਾਹਰ ਨਿਕਲਣ ’ਚ ਸਫ਼ਲ ਰਹੇ, ਜਦਕਿ ਕਈ ਲੋਕ ਅੰਦਰ ਫਸ ਗਏ। ਇਨ੍ਹਾਂ ’ਚੋਂ 8 ਸੜ ਕੇ ਮਰ ਗਏ। ਡੇਢ ਘੰਟੇ ਤੋਂ ਵੱਧ ਸਮੇਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ, ਕੁਝ ਹੱਡੀਆਂ ਵੀ ਬਰਾਮਦ ਹੋਈਆਂ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜ ਕਰਨ ਦੇ ਹੁਕਮ ਦਿਤੇ ਅਤੇ ਜੰਗਲਾਤ ਮੰਤਰੀ ਸੰਜੇ ਸ਼ਰਮਾ ਨੂੰ ਅਲਵਰ ਭੇਜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕ ਲੋਕਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਅਤੇ ਜ਼ਖ਼ਮੀਆਂ ਦੇ ਛੇਤੀ ਸਹਿਤਮੰਦ ਹੋਣ ਦੀ ਪ੍ਰਾਰਥਨਾ ਕੀਤੀ। ਕਾਂਗਰਸ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਇਸ ਨੂੰ ਮੰਦਭਾਗੀ ਘਟਨਾ ਦਸਿਆ ਅਤੇ ਜਾਂਚ ਦੀ ਮੰਗ ਕੀਤੀ।
