ਤੇਲੰਗਾਨਾ ਦੀ ਕੈਮੀਕਲ ਫ਼ੈਕਟਰੀ ‘ਚ ਧਮਾਕਾ, 10 ਮਜ਼ਦੂਰਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖਮੀ


ਸੰਗਰੇਡੀ, 30 ਜੂਨ (ਨਿਊਜ਼ ਟਾਊਨ ਨੈਟਵਰਕ) : ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਇਕ ਗੰਭੀਰ ਹਾਦਸਾ ਸਾਹਮਣੇ ਆਇਆ। ਪਾਸ਼ਾ ਮੇਲਾਰਾਮ ਇੰਡਸਟਰੀਅਲ ਏਰੀਆ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਅੱਗ ਨੇ ਕੁਝ ਹੀ ਪਲਾਂ ਵਿਚ ਪੂਰੀ ਯੂਨਿਟ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹੁਣ ਤੱਕ ਇਸ ਹਾਦਸੇ ਵਿਚ 10 ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 20 ਤੋਂ ਵੱਧ ਮਜ਼ਦੂਰ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੱਸਿਆ ਗਿਆ ਕਿ ਫੈਕਟਰੀ ਦੇ ਰਿਐਕਟਰ ਵਿਚ ਸਵੇਰੇ 9 ਵਜੇ ਦੇ ਕਰੀਬ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਇਸਦੀ ਗੂੰਜ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿਤੀ ਅਤੇ ਨੇੜਲੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਚਸ਼ਮਦੀਦਾਂ ਦੇ ਅਨੁਸਾਰ ਧਮਾਕੇ ਕਾਰਨ ਕੁਝ ਮਜ਼ਦੂਰ ਹਵਾ ਵਿਚ ਉਛਲ ਕੇ ਦੂਰ ਡਿੱਗ ਪਏ। ਘਟਨਾ ਤੋਂ ਬਾਅਦ ਫੈਕਟਰੀ ਵਿਚ ਹਫੜਾ-ਦਫੜੀ ਮਚ ਗਈ ਤੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।
ਘਟਨਾ ਦੀ ਸੂਚਨਾ ਮਿਲਦੇ ਹੀ 4 ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ। 108 ਐਂਬੂਲੈਂਸ ਸੇਵਾਵਾਂ ਅਤੇ ਮੈਡੀਕਲ ਟੀਮਾਂ ਵੀ ਰਾਹਤ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਈਆਂ। ਗੰਭੀਰ ਜ਼ਖਮੀ ਮਜ਼ਦੂਰਾਂ ਨੂੰ ਹੈਦਰਾਬਾਦ ਰੈਫਰ ਕਰ ਦਿਤਾ ਗਿਆ ਹੈ, ਜਦੋਂ ਕਿ ਬਾਕੀਆਂ ਨੂੰ ਟੋਂਚੇਰੂ ਦੇ ਹਸਪਤਾਲ ਵਿਚ ਮੁੱਢਲੀ ਸਹਾਇਤਾ ਦਿਤੀ ਜਾ ਰਹੀ ਹੈ।
ਧਮਾਕੇ ਤੋਂ ਬਾਅਦ ਫੈਕਟਰੀ ਦੀ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕੁਝ ਮਜ਼ਦੂਰਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਰਾਹਤ ਕਾਰਜ ਜਾਰੀ ਹਨ ਅਤੇ ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਫੈਕਟਰੀ ਦੇ ਅਹਾਤੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਹੈ।
ਸਥਾਨਕ ਜਾਣਕਾਰੀ ਅਨੁਸਾਰ ਸਬੰਧਤ ਰਸਾਇਣਕ ਫੈਕਟਰੀ ਵਿਚ ਫਾਰਮਾਸਿਊਟੀਕਲ ਪਾਊਡਰ ਤਿਆਰ ਕੀਤਾ ਜਾਂਦਾ ਸੀ। ਵੱਖ-ਵੱਖ ਰਾਜਾਂ ਦੇ 100 ਤੋਂ ਵੱਧ ਮਜ਼ਦੂਰ ਇੱਥੇ ਕੰਮ ਕਰ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੇ ਰਿਸ਼ਤੇਦਾਰ ਫੈਕਟਰੀ ਦੇ ਬਾਹਰ ਇਕੱਠੇ ਹੋ ਗਏ।
ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੂਰੀ ਸਥਿਤੀ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।