ਸਸਤੀ ਸ਼ਰਾਬ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਭਰ ਕੇ ਵੇਚਣ ਵਾਲੇ ਕਾਬੂ


ਲੁਧਿਆਣਾ, 12 ਜੁਲਾਈ ( ਨਿਊਜ਼ ਟਾਊਨ ਨੈੱਟਵਰਕ ) ਸਪੈਸ਼ਲ ਸੈੱਲ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ 2 ਸ਼ਰਾਬ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਸ਼ਰਾਬ ਸਮੱਗਲਰ ਸਸਤੀ ਸ਼ਰਾਬ ਨੂੰ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਭਰ ਕੇ ਸਪਲਾਈ ਕਰਦੇ ਸਨ। ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 7 ਪੇਟੀਆਂ ਨਾਜਾਇਜ਼ ਸ਼ਰਾਬ, ਮਹਿੰਗੇ ਬ੍ਰਾਂਡ ਦੀਆਂ ਖਾਲੀ ਬੋਤਲਾਂ, 500 ਵੱਖ-ਵੱਖ ਤਰ੍ਹਾਂ ਦੀਆਂ ਸੀਲਾਂ ਤੇ ਵੱਖ-ਵੱਖ ਬ੍ਰਾਂਡ ਦੇ ਮਹਿੰਗੇ ਬ੍ਰਾਂਡ ਦੇ ਲੇਬਲ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਪਿੰਡ ਦਾਦ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਤੇ ਪਿੰਡ ਗੁਜਰਵਾਲ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ।
ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਵਿਚ ਐਕਸਾਈਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 1 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਸਪੈਸ਼ਲ ਸੈੱਲ ਦੇ ਇੰਚਾਰਜ ਨਵਦੀਪ ਸਿੰਘ ਦੱਸਿਆ ਕਿ ਏ. ਐੱਸ. ਆਈ. ਅਮਰਜੀਤ ਸਿੰਘ ਤੇ ਅਮਨਿੰਦਰ ਸਿੰਘ ਸਰਕਲ ਪੱਛਮੀ 3, ਇੰਸਪੈਕਟਰ ਹਰਸ਼ਪਿੰਦਰ ਸਿੰਘ, ਇੰਸ. ਸੰਨੀ ਗਰੋਵਰ ਦੀ ਟੀਮ ਨੇ ਸੰਯੁਕਤ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਭਰ ਕੇ ਵੇਚਦੇ ਹਨ, ਜੋ ਕਿ ਲੋਕਾਂ ਲਈ ਜਾਨਲੇਵਾ ਵੀ ਹੋ ਸਕਦੇ ਹਨ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਸਸਤੀ ਸ਼ਰਾਬ ਭਰ ਕੇ ਉਸ ’ਤੇ ਵੱਖ-ਵੱਖ ਬ੍ਰਾਂਡ ਦੇ ਲੇਬਲ ਤੇ ਸੀਲ ਲਗਾ ਕੇ ਮਹਿੰਗੇ ਰੇਟ ’ਤੇ ਵੇਚਦੇ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।