ਕਾਂਗਰਸ ਸਮੇਤ ਹਰ ਕੋਈ ਮੰਨਣ ਲੱਗਿਆ ਕਿ ਪੰਜਾਬ ਨੂੰ ਦਲਦਲ ਵਿਚੋਂ ਸਿਰਫ਼ ਭਾਜਪਾ ਹੀ ਕੱਢ ਸਕਦੀ ਹੈ: ਸੁਨੀਲ ਜਾਖੜ

0
sunil jakhar bjp chd

ਕਿਹਾ, ਸੂਬੇ ਦਾ ਇੰਟੈਲੀਜੈਂਸ ਨੈਟਵਰਕ ਫੇਲ, ਲੋਕਾਂ ਨੂੰ ਆਪਣੀ ਸੁਰੱਖਿਆ ਦਾ ਡਰ ਸਤਾਉਣ ਲੱਗਾ

ਚੰਡੀਗੜ੍ਹ, 26 ਫਰਵਰੀ (ਦੁਰਗੇਸ਼ ਗਾਜਰੀ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿਸ ਤਰਾਂ ਕਾਂਗਰਸ ਦੇ ਸੀਨਿਅਰ ਆਗੂ ਵੀ ਹੁਣ ਰਾਜ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਸੁਧਾਰ ਲਈ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਹਨ ਉਸਤੋਂ ਇਹ ਤਾਂ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਆਮ ਲੋਕਾਂ ਅਤੇ ਹੋਰ ਸਾਰੀਆਂ ਧਿਰਾਂ ਵਾਂਗ ਹੁਣ ਵਿਰੋਧੀ ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਰਾਜ ਦੀ ਗੰਭੀਰ ਹੋਈ ਹਾਲਤ ਨੂੰ ਹੁਣ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਜ਼ਬੂਤ ਲੀਡਰਸ਼ਿਪ ਵਿਚ ਭਾਜਪਾ ਹੀ ਸੁਧਾਰ ਸਕਦੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਇਕ ਮਜਬੂਤ ਲੀਡਰਸ਼ਿਪ ਦੀ ਜਰੂਰਤ ਹੈ ਜੋ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਹਿੰਮਤ ਰੱਖਦੀ ਹੋਵੇ ਤਾਂਹੀ ਪੰਜਾਬ ਵਿਚੋਂ ਬਦ-ਅਮਨੀ ਨੂੰ ਰੋਕ ਕੇ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਮਹੌਲ ਮੁਹਈਆ ਕਰਵਾਉਂਦੇ ਹੋਏ ਰਾਜ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੇਵਲ ਭਾਜਪਾ ਹੀ ਕਰ ਸਕਦੀ ਹੈ ਅਤੇ ਇਸ ਦਾ ਫੈਸਲਾ ਕਰਨਾ ਹੁਣ ਪੰਜਾਬ ਦੇ ਲੋਕਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਨਿੱਤ ਦਿਨ ਜਾਨ ਗੁਆਉਣ ਦੇ ਡਰ ਵਿਚ ਜਿਉਣਾ ਹੈ ਜਾਂ ਇਕ ਸਾਂਤ ਅਤੇ ਭਾਈਚਾਰਕ ਸਾਂਝ ਵਾਲੇ ਪੰਜਾਬ ਵਿਚ। ਸੁਨੀਲ ਜਾਖੜ ਨੇ ਕਿਹਾ ਕਿ ਹੁਣ ਇਕ ਗੈਰ ਜਿੰਮੇਵਾਰ ਅਤੇ ਅਨਾੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਰਾਜ ਵਿਚ ਨਾਰਕੋ ਆਂਤਕਵਾਦ ਹੁਣ ਗੈਂਗਸਟਰ ਨਾਰਕੋ ਆਂਤਕਵਾਦ ਵਿਚ ਬਦਲ ਗਿਆ ਹੈ। ਗੈਂਗਸਟਰ ਨਵੇਂ ਮੁੰਡਿਆਂ ਨੂੰ ਅਖੌਤੀ ਚਕਾਚੌਂਧ ਵਿਖਾ ਆਪਣੇ ਨਾਲ ਜੋੜਦੇ ਹਨ ਅਤੇ ਇਹੀ ਅੱਗੇ ਫਿਰ ਆਂਤਕਵਾਦੀਆਂ ਦੇ ਮੋਹਰੇ ਬਣ ਰਾਜ ਨੂੰ ਆਂਤਕਵਾਦ ਨਾਲ ਦਹਿਸਤਜਦਾ ਕਰਦੇ ਹਨ। ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਬਲੀਅਤ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਰਾਜ ਵਿਚ ਇੰਟੈਲੀਜੈਂਸ ਨੈਟਵਰਕ ਪੂਰੀ ਤਰਾਂ ਫੇਲ ਹੋ ਗਿਆ ਹੈ ਅਤੇ ਪੁਲਿਸ ਵਾਰਦਾਤ ਹੋ ਜਾਣ ਤੋਂ ਬਾਅਦ ਅਖੌਤੀ ਪੁਲਿਸ ਮੁਕਾਬਲਾ ਕਰਕੇ ਲੋਕਾਂ ਦੀਆਂ ਅੱਖਾਂ ਪੂੰਝਣ ਤੱਕ ਸੀਮਤ ਹੋ ਗਈ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਥੋੜੇ ਸਮੇਂ ਵਿਚ ਹੀ ਪੰਜਾਬ ਵਿਚ ਹੈਂਡ ਗ੍ਰੇਨੇਡ ਹਮਲੇ ਦੀਆਂ ਲਗਭਗ 20 ਵਾਰਦਾਤਾਂ ਹੋ ਚੁੱਕੀਆਂ ਹਨ। ਇਹ ਰਾਜ ਵਿਚ ਵੱਧ ਰਹੇ ਗੈਂਗਸਟਰ, ਨਾਰਕੋ ਅਤੇ ਆਂਤਕਵਾਦ ਦੇ ਮਿਲਗੋਭੇ ਦਾ ਨਤੀਜਾ ਹੈ ਪਰ ਸੂਬਾ ਸਰਕਾਰ ਇਸ ਨਾਲ ਨੱਜਿਠਣ ਵਿਚ ਪੂਰੀ ਤਰਾਂ ਨਾਲ ਨਾਕਾਮ ਸਿੱਧ ਹੋ ਰਹੀ ਹੈ। ਪਹਿਲਾਂ ਪੰਜਾਬ ਵਿਚ ਏਕੇ 47 ਦਾ ਆਂਤੰਕ ਰਿਹਾ ਹੈ ਅਤੇ ਹੁਣ ਇਹ ਹੈਂਡ ਗ੍ਰੈਨੇਡ ਪੰਜਾਬ ਲਈ ਨਿਊ ਨਾਰਮਲ ਬਣ ਗਏ ਹਨ। ਪਰ ਇਸ ਸਾਰੇ ਡਰ ਅਤੇ ਸਹਿਮ ਦਾ ਅਸਰ ਆਮ ਪੰਜਾਬੀ ਤੇ ਪੈ ਰਿਹਾ ਹੈ ਜਿੰਨ੍ਹਾਂ ਨੂੰ ਜਾਨਮਾਲ ਦਾ ਡਰ ਹਰ ਸਮੇਂ ਸਤਾਉਂਦਾ ਰਹਿੰਦਾ ਹੈ। ਜਦਕਿ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵਿਚ ਲਗਾਉਣ ਦੀ ਬਜਾਏ ਆਪ ਪਾਰਟੀ ਦੇ ਆਗੂਆਂ ਦੇ ਪ੍ਰੀ ਵੈਡਿੰਗ ਵੀਡੀਓਗ੍ਰਾਫੀ ਸੂਟ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੋਗਾ ਦੀ ਰੈਲੀ ਵਿਚ ਮੁੱਖ ਸਕੱਤਰ ਅਤੇ ਡੀਜੀਪੀ ਦਾ ਭਾਸ਼ਣ ਦੇਣਾ ਅਤੇ ਬਾਅਦ ਵਿਚ ਇਸ ਨੂੰ ਸਰਕਾਰੀ ਪ੍ਰੋਗਰਾਮ ਦੱਸਣਾ ਪੂਰੀ ਤਰਾਂ ਹਾਸੋਹੀਣਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਾ ਉਸ ਦਿਨ ਦਾ ਟਵੀਟ ਮੀਡੀਆ ਨੂੰ ਵਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਕਿਹਾ ਸੀ। ਫਿਰ ਰਾਜ ਦੇ ਸਿਵਲ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀ ਕਿਸ ਹੈਸੀਅਤ ਵਿਚ ਇਸ ਰੈਲੀ ਵਿਚ ਬੋਲੇ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਵਿਰੋਧੀ ਧਿਰ ਕਾਂਗਰਸ ਤਾਂ ਪੂਰੀ ਤਰਾਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਆਤਮ-ਸਮਰਪਨ ਕਰ ਚੁੱਕੀ ਹੈ ਅਤੇ ਉਸਦਾ ਕੋਈ ਵੀ ਆਗੂ ਅਵਾਜ ਉਠਾਉਣ ਦੀ ਹਿੰਮਤ ਨਹੀਂ ਵਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਚ ਪੰਜਾਬ ਦੇ ਲੋਕਾਂ ਨੂੰ ਹੀ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੰਕਲਪ ਲੈਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਰਾਜ ਨੂੰ ਇਸ ਦਲਦਲ ਵਿਚੋਂ ਕੱਢ ਸਕਦੀ ਹੈ ਪਰ ਇਸ ਲਈ ਰਾਜ ਦੇ ਲੋਕਾਂ ਨੂੰ ਹੀ ਚੋਣਾਂ ਵਿਚ ਪਾਰਟੀ ਦੀ ਚੋਣ ਕਰਨੀ ਹੋਵੇਗੀ ਤਾਂ ਹੀ ਗੈਰ ਸੰਜੀਦਾ, ਅਨੁਭਵਹੀਣ ਆਪ ਸਰਕਾਰ ਦੇ ਕੁਸਾ਼ਸਣ ਤੋਂ ਪਿੱਛਾ ਛੁੱਟ ਸਕਦਾ ਹੈ।

Leave a Reply

Your email address will not be published. Required fields are marked *