ਦਿੱਲੀ ਧਮਾਕਾ: ਤੁਰਕੀ ਨਾਲ ਜੁੜੇ ਘਟਨਾ ਦੇ ਤਾਰ, ਦੋਸ਼ਾਂ ਨੂੰ ਨਕਾਰਿਆ

0
red-fort-terror-attack-fourth-car-brezza-linked-to-delhi-bombing-found-at-al-falah-university-dr-shaheen-is-owner

ਅਲ-ਫਲਾਹ ਯੂਨੀਵਰਸਿਟੀ ‘ਚ ਤੀਜੀ ਬ੍ਰੇਜ਼ਾ ਕਾਰ ਬਰਾਮਦ
ਮਹਿਲਾ ਅੱਤਵਾਦੀ ਡਾ. ਸ਼ਾਹੀਨ ਦੇ ਨਾਮ ‘ਤੇ ਦੱਸੀ ਜਾ ਰਹੀ ਕਾਰ
ਫਰਜ਼ੀ ਮਾਨਤਾ ਮਾਮਲੇ ‘ਚ ਯੂਨੀਵਰਸਿਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ

ਨਵੀਂ ਦਿੱਲੀ, 13 ਨਵੰਬਰ (ਨਿਊਜ਼ ਟਾਊਨ ਨੈਟਵਰਕ) :

ਦਿੱਲੀ ਧਮਾਕਿਆਂ ਦੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਇੱਕ ਵੱਡਾ ਸੁਰਾਗ ਲੱਭਿਆ ਹੈ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਸਥਿਤ ਇੱਕ ਵਿਦੇਸ਼ੀ ਹੈਂਡਲਰ ਨਾਲ ਸਿੱਧਾ ਸੰਪਰਕ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਮੁਲਜ਼ਮ ਦੀਆਂ ਗਤੀਵਿਧੀਆਂ, ਫੰਡਿੰਗ ਅਤੇ ਅੰਕਾਰਾ ਤੋਂ ਕੱਟੜਪੰਥੀ ਵਿਚਾਰਧਾਰਾ ਦੇ ਫੈਲਾਅ ਦੀ ਨਿਗਰਾਨੀ ਕਰ ਰਿਹਾ ਸੀ। ਯੋਜਨਾਬੰਦੀ ਲਈ ਇੱਕ ਸੈਸ਼ਨ ਐਪ ਦੀ ਵਰਤੋਂ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਹੈਂਡਲਰ ਦੀ ਪਛਾਣ “ਉਕਾਸਾ” ਕੋਡਨੇਮ ਨਾਲ ਹੋਈ ਹੈ। ਉਕਾਸਾ ਇੱਕ ਅਰਬੀ ਸ਼ਬਦ ਹੈ ਜਿਸਦਾ ਅਰਥ ਹੈ ਮੱਕੜੀ। ਇਹ ਸੰਭਵ ਹੈ ਕਿ ਇਹ ਨਾਮ ਉਸਦਾ ਅਸਲੀ ਨਾਮ ਨਹੀਂ ਹੈ ਪਰ ਉਸਦੀ ਪਛਾਣ ਛੁਪਾਉਣ ਲਈ ਵਰਤਿਆ ਗਿਆ ਸੀ। ਹਾਲਾਂਕਿ ਤੁਰਕੀ ਨੇ ਇਸਨੂੰ ਕੁੜਪ੍ਰਚਾਰ ਕਰਾਰ ਦਿਤਾ ਹੈ। ਤੁਰਕੀ ਨੇ ਦਿੱਲੀ ਧਮਾਕੇ ਦੇ ਅੱਤਵਾਦੀਆਂ ਨੂੰ ਆਪਣੇ ਹੈਂਡਲਰ ਨਾਲ ਜੋੜਨ ਵਾਲੀਆਂ ਰਿਪੋਰਟਾਂ ਨੂੰ ਝੂਠਾ ਦੱਸ ਕੇ ਖਾਰਜ ਕਰ ਦਿੱਤਾ ਹੈ। ਤੁਰਕੀ ਸਰਕਾਰ ਨੇ ਕਿਹਾ ਕਿ ਅਜਿਹੀਆਂ ਝੂਠੀਆਂ ਰਿਪੋਰਟਾਂ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਲਈ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਦਾਅਵੇ ਕਿ ਤੁਰਕੀ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਕੱਟੜਤਾ ਫੈਲਾ ਰਿਹਾ ਹੈ, ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਾਂ ਤੋਂ ਬਿਨਾਂ ਹਨ। ਤੁਰਕੀ ਅੱਤਵਾਦ ਦੇ ਹਰ ਰੂਪ ਦਾ ਵਿਰੋਧ ਕਰਦਾ ਹੈ ਭਾਵੇਂ ਇਹ ਕਿੱਥੇ ਜਾਂ ਕਿਸ ਵੀ ਦੁਆਰਾ ਕੀਤਾ ਗਿਆ ਹੋਵੇ। ਸਾਡਾ ਦੇਸ਼ ਅੱਤਵਾਦ ਵਿਰੁੱਧ ਲੜਾਈ ਵਿੱਚ ਭੂਮਿਕਾ ਨਿਭਾ ਰਿਹਾ ਹੈ ਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਪੁਲਿਸ ਨੇ ਫਰੀਦਾਬਾਦ ਤੋਂ ਦਿੱਲੀ ਧਮਾਕਾ ਮਾਮਲੇ ਦੇ ਮਾਡਿਊਲ ਨਾਲ ਜੁੜੀ ਤੀਜੀ ਬ੍ਰੇਜ਼ਾ ਕਾਰ ਬਰਾਮਦ ਕੀਤੀ ਹੈ। ਇਹ ਬਰਾਮਦਗੀ ਅਲ-ਫਲਾਹ ਯੂਨੀਵਰਸਿਟੀ ਦੇ ਅੰਦਰ ਕੀਤੀ ਗਈ ਸੀ। ਇਹ ਕਾਰ ਕਥਿਤ ਤੌਰ ‘ਤੇ ਮਹਿਲਾ ਅੱਤਵਾਦੀ ਡਾ. ਸ਼ਾਹੀਨ ਦੇ ਨਾਮ ‘ਤੇ ਹੈ। ਹਰਿਆਣਾ ਪੁਲਿਸ ਬੰਬ ਸਕੁਐਡ ਕਾਰ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਯੂਨੀਵਰਸਿਟੀ ਦੇ ਐਚਆਰ ਵਿਭਾਗ ਤੋਂ ਜਮੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮੀਲ ਜੰਮੂ-ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ। ਉਸ ‘ਤੇ ਅੱਤਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਬੰਬ ਧਮਾਕਾ ਕਰਨ ਵਾਲੇ ਅੱਤਵਾਦੀ ਡਾ. ਉਮਰ ਉਨ ਨਬੀ ਦੀ ਮਾਲਕੀ ਵਾਲੀ ਈਕੋ ਸਪੋਰਟਸ ਕਾਰ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਸਦੀ ਵਰਤੋਂ ਵਿਸਫੋਟਕਾਂ ਦੀ ਢੋਆ-ਢੁਆਈ ਲਈ ਕੀਤੀ ਗਈ ਸੀ। ਕਾਰ ਦੀ ਫੋਰੈਂਸਿਕ ਜਾਂਚ ਤੋਂ ਸੁਰਾਗ ਮਿਲੇ ਹਨ। ਕਾਰ ਦੋ ਦਿਨਾਂ ਤੋਂ ਫਰੀਦਾਬਾਦ ਦੇ ਖੰਡਾਵਲੀ ਪਿੰਡ ਵਿੱਚ ਖੜੀ ਸੀ। ਦਿੱਲੀ ਤੋਂ NIA ਅਤੇ NSG ਟੀਮਾਂ ਬੁੱਧਵਾਰ ਸ਼ਾਮ ਤੋਂ ਹੀ ਇਸ ਘਟਨਾ ਦੀ ਜਾਂਚ ਕਰ ਰਹੀਆਂ ਸਨ। ਪੁਲਿਸ ਨੇ ਫਹੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੇ ਉੱਥੇ ਕਾਰ ਖੜ੍ਹੀ ਕੀਤੀ ਸੀ। ਫਹੀਮ ਅਲ-ਫਲਾਹ ਯੂਨੀਵਰਸਿਟੀ ਵਿੱਚ ਇੱਕ ਕੰਪਿਊਟਰ ਆਪਰੇਟਰ ਹੈ ਅਤੇ ਅੱਤਵਾਦੀ ਡਾ. ਉਮਰ ਦਾ ਸਹਾਇਕ ਹੈ। ਫਹੀਮ ਦੀ ਭੈਣ ਉੱਥੇ ਰਹਿੰਦੀ ਹੈ ਇਸ ਲਈ ਉਸਨੇ ਮੰਗਲਵਾਰ ਰਾਤ ਨੂੰ ਉੱਥੇ ਕਾਰ ਖੜ੍ਹੀ ਕੀਤੀ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਨੇੜਲੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ 200 ਮੀਟਰ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (NAAC) ਨੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਨੂੰ ਧੋਖਾਧੜੀ ਨਾਲ ਮਾਨਤਾ ਦਾ ਦਾਅਵਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। NAAC ਨੇ ਕਿਹਾ ਕਿ ਯੂਨੀਵਰਸਿਟੀ ਨਾ ਤਾਂ NAAC-ਪ੍ਰਵਾਨਿਤ ਹੈ ਅਤੇ ਨਾ ਹੀ ਇਸਨੇ ਸਾਈਕਲ 1 ਦੇ ਤਹਿਤ ਕਿਸੇ ਮਾਨਤਾ ਲਈ ਅਰਜ਼ੀ ਦਿੱਤੀ ਹੈ। ਇਸ ਦੇ ਬਾਵਜੂਦ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਗਲਤ ਜਾਣਕਾਰੀ ਦਿਤੀ ਗਈ ਹੈ। ਹੁਣ ਅਲ-ਫਲਾਹ ਯੂਨੀਵਰਸਿਟੀ ਨੇ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ। ਇਸ ਦੌਰਾਨ ਅਲ-ਫਲਾਹ ਯੂਨੀਵਰਸਿਟੀ ਤੋਂ ਡਾ. ਉਮਰ ਅਤੇ ਮੁਜ਼ਮਿਲ ਨਾਲ ਸਬੰਧਤ ਡਾਇਰੀਆਂ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ “ਓਪਰੇਸ਼ਨ” ਵਰਗੇ ਕੋਡ ਸ਼ਬਦ ਸਾਹਮਣੇ ਆ ਰਹੇ ਹਨ।

ਕਾਂਗਰਸ ਵਲੋਂ ਸਰਬ ਪਾਰਟੀ ਮੀਟਿੰਗ ਦੀ ਮੰਗ
ਕਾਂਗਰਸ ਨੇ ਵੀਰਵਾਰ ਨੂੰ ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਸਦੀ ਨੀਤੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਹੈ ਤਾਂ 2,900 ਕਿਲੋਗ੍ਰਾਮ ਵਿਸਫੋਟਕ ਫਰੀਦਾਬਾਦ ਕਿਵੇਂ ਪਹੁੰਚ ਗਿਆ।

Leave a Reply

Your email address will not be published. Required fields are marked *