ਸੰਪਾਦਕੀ: ਰਾਹੁਲ ਗਾਂਧੀ ਟੀਮ ਦੇ ਸਰਵੇ ਵਿਚ ਅਨੋਖੇ ਤੱਥ ਸਾਹਮਣੇ ਆਏ ਹਨ



ਅਖੇ! 55 ਫ਼ੀ ਸਦੀ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਦਾ ਜੀਵਤ ਰਹਿਣਾ ਲਾਜ਼ਮੀ
ਰਾਹੁਲ ਗਾਂਧੀ ਦੀ ਪੰਜਾਬ ਵਿਚ ਸਰਗਰਮ ਟੀਮ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਬਾਰੇ ਇਕ ਸਰਵੇ ਕੀਤਾ ਹੈ ਜਿਸ ਵਿਚ 55 ਫ਼ੀ ਸਦੀ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਜੀਵਤ ਰਹਿਣ ਬਹੁਤ ਜ਼ਰੂਰੀ ਹੈ। ਅਜਿਹਾ ਹੋਣ ਨਾਲ ਹੀ ਪੰਜਾਬ, ਪੰਥ ਅਤੇ ਸਿੱਖੀ ਜੀਵਤ ਰਹਿ ਸਕਦੀ ਹੈ। ਇਸੇ ਕਰਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਅਕਸਰ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਵੀ ਇਸੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਜੀਠੀਆ ਵਿਰੁਧ ਜਿਹੜਾ ਨਸ਼ੇ ਦਾ ਕੇਸ ਚੱਲ ਰਿਹਾ ਸੀ, ਉਸ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਸੀ। ਅਚਾਨਕ ਆਮਦਨ ਤੋਂ ਵੱਧ ਜਾਇਦਾਦ ਦਾ ਇਕ ਨਵਾਂ ਕੇਸ ਦਰਜ ਕਰਕੇ ਮਜੀਠੀਆ ਨੂੰ ਜੇਲ ਵਿਚ ਡੱਕਣਾ ਪੂਰਨ ਰੂਪ ਵਿਚ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਇਹ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਪੰਜਾਬ ਵਿਚ ਕਾਂਗਰਸ, ਬੀ.ਜੇ.ਪੀ. ਜਾਂ ਹੋਰ ਪਾਰਟੀਆਂ ਨੂੰ ਰੋਕਿਆ ਜਾ ਸਕਦਾ ਹੈ ਪਰ ਜੇ ਅਕਾਲੀ ਦਲ ਦੀ ਇਕ ਵਾਰ ਹਵਾ ਅਰੰਭ ਹੋ ਗਈ ਤਾਂ ਇਸ ਨੂੰ ਕਾਬੂ ਕਰਨਾ ਨਾਮੁਮਕਿਨ ਹੋ ਜਾਵੇਗਾ। ਰਾਹੁਲ ਗਾਂਧੀ ਦੀ ਟੀਮ ਵਾਲੇ ਸਰਵੇ ਨੂੰ ਜਦ ਤੋਂ ਪੰਜਾਬ ਦੇ ਇਕ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਜਨਤਕ ਕੀਤਾ ਹੈ ਅਤੇ ਸਰਵੇ ਦੀਆਂ ਬਾਰੀਕੀਆਂ ਲੋਕਾਂ ਸਾਹਮਣੇ ਰੱਖੀਆਂ ਹਨ, ਉਦੋਂ ਤੋਂ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਹੈ। ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਅਕਾਲੀ ਦਲ ਦੇ ਜ਼ਿਆਦਾ ਤੋਂ ਜ਼ਿਆਦਾ ਨੇਤਾਵਾਂ ਨੂੰ ਪੁੱਟਿਆ ਜਾਵੇ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਜਾਵੇ। ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ ਤਾਜ਼ਾ ਉਦਾਹਰਣ ਹੈ ਜਿਥੇ ਆਮ ਆਦਮੀ ਪਾਰਟੀ ਨੇ ਅਪਣੇ ਪੁਰਾਣੇ ਸਾਰੇ ਵਲੰਟੀਅਰ ਤਾਂ ਨਾਰਾਜ਼ ਕਰ ਲਏ ਪਰ ਹਰਮੀਤ ਸਿੰਘ ਸੰਧੂ ਨੂੰ ਜ਼ਰੂਰ ਪੁੱਟਿਆ। ਖਰੜ ਹਲਕੇ ਦੇ ਰਣਜੀਤ ਗਿੱਲ ਦੇ ਘਰ ਵਿਜ਼ੀਲੈਂਸ ਦੇ ਛਾਪੇ ਵੀ ਇਸੇ ਨੀਤੀ ਦਾ ਹਿੱਸਾ ਹਨ। ਅਨਮੋਲ ਗਗਨ ਮਾਨ ਨੂੰ ਪਾਸੇ ਕਰਕੇ ਰਣਜੀਤ ਸਿੰਘ ਗਿੱਲ ਨੂੰ ਝਾੜੂ ਵਿਚ ਲਿਆਉਣ ਦਾ ਟੀਚਾ ਸੀ ਪਰ ਰਣਜੀਤ ਸਿੰਘ ਗਿੱਲ ਜਦ ਬੀ.ਜੇ.ਪੀ. ਵਿਚ ਜਾ ਵੜੇ ਤਾਂ ਦਬਾਅ ਬਣਾਉਣ ਲਈ ਵਿਜੀਲੈਂਸ ਨੂੰ ਤਕਲੀਫ਼ ਦੇਣੀ ਪਈ।
ਆਮ ਆਦਮੀ ਪਾਰਟੀ ਨੇ ਹਰ ਹਲਕੇ ਅੰਦਰ ਸੋਸ਼ਲ ਮੀਡੀਆ ਟੀਮ ਦੇ ਨਾਮ ਉਤੇ ਇਕ ਅਜਿਹੀ ਟੀਮ ਤਿਆਰ ਕਰ ਲਈ ਹੈ ਜਿਹੜੀ 24 ਘੰਟੇ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਨੇਤਾਵਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕ੍ਰਾਂਤੀ ਚਲਾ ਰਹੀ ਹੈ। ਸੁਖਬੀਰ ਬਾਦਲ ਜੇ ਇਕ ਨਿੱਛ ਵੀ ਮਾਰਦਾ ਹੈ ਤਾਂ ਝਾੜੂ ਦਾ ਸੋਸ਼ਲ ਮੀਡੀਆ ਵਿਚ ਭੂਚਾਲ ਆ ਜਾਂਦਾ ਹੈ ਅਤੇ ਉਹ ਥੜਾ-ਥੜ ਟਿਪਣੀਬਾਜ਼ੀ ਆਰੰਭ ਕਰ ਦਿੰਦੇ ਹਨ। ਆਮ ਆਦਮੀ ਪਾਰਟੀ ਨੇ ਅਪਣੇ ਚੋਣ ਵਾਅਦੇ ਪੂਰੇ ਕਰਨ ਦੀ ਥਾਂ ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਨੂੰ ਵਰਤ ਕੇ ਲੋਕਾਂ ਅੰਦਰ ਭਰਮ-ਭੁਲੇਖੇ ਪੈਦਾ ਕਰਨ ਦੀ ਨੀਤੀ ਨੂੰ ਜ਼ਿਆਦਾ ਵਜ਼ਨਦਾਰ ਮੰਨਿਆ ਹੈ। ਆਮ ਆਦਮੀ ਪਾਰਟੀ ਦੇ ਇਕ ਨੇਤਾ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਲੋਕ ਵਿਕਾਸ ਅਤੇ ਕਿਸੇ ਵੀ ਸਰਕਾਰ ਵਲੋਂ ਦਿਤੀ ਗਈਆਂ ਸਹੂਲਤਾਂ ਦੀ ਕੋਈ ਬਹੁਤੀ ਕਦਰ ਨਹੀਂ ਕਰਦੇ, ਜੇ ਲੋਕ ਵਿਕਾਸ ਅਤੇ ਸਹੂਲਤਾਂ ਦੀ ਕਦਰ ਕਰਦੇ ਹੁੰਦੇ ਤਾਂ ਸ਼ੋ੍ਮਣੀ ਅਕਾਲੀ ਦਲ ਦਾ ਹਾਰਨਾ ਸੰਭਵ ਨਹੀਂ ਸੀ। ਪੰਜਾਬ ਵਿਚ 20-25 ਸਾਲ ਰਾਜ ਕਰ ਕੇ ਜਿਹੜਾ ਵਿਕਾਸ ਅਕਾਲੀ ਦਲ ਨੇ ਕੀਤਾ, ਉਸ ਦੇ ਨੇੜੇ-ਤੇੜੇ ਹੋਰ ਕੋਈ ਵੀ ਪਾਰਟੀ ਨਹੀਂ ਪਹੁੰਚੀ। ਫਿਰ ਆਮ ਆਦਮੀ ਪਾਰਟੀ ਦਾ ਤਾਂ ਪੰਜਾਬ ਵਿਚ ਕੋਈ ਇਤਿਹਾਸ ਹੀ ਨਹੀਂ, ਵਿਕਾਸ ਤਾਂ ਬਹੁਤ ਦੂਰ ਦੀ ਗੱਲ ਹੈ।
ਲੋਕਾਂ ਨੂੰ ਵਿਕਾਸ ਦੀ ਥਾਂ ਇਕ ਅਜਿਹਾ ਜੁਮਲਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੇ ਦਿਲ ਨੂੰ ਛੂਹ ਜਾਵੇ। ਜਿਵੇਂ 15 ਲੱਖ ਰੁਪਏ ਹਰ ਇਕ ਆਦਮੀ ਦੇ ਖਾਤੇ ਵਿਚ ਆ ਜਾਣਗੇ। ਜਿਵੇਂ ਗੁਟਕਾ ਸਾਹਿਬ ਹੱਥ ਵਿਚ ਕੇ ਚਾਰ ਹਫ਼ਤਿਆਂ ਨਸ਼ਾ ਖ਼ਤਮ ਕਰਨ ਦੀ ਸਹੁੰ। ਜਿਵੇਂ, ਕੈਪਟਨ ਨੇ ਸਹੁੰ ਚੁੱਕੀ, ਹਰ ਘਰ ਨੌਕਰੀ ਪੱਕੀ। ਜਿਵੇਂ, ਹਰ ਔਰਤ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ। ਵਗ਼ੈਰਾ-ਵਗ਼ੈਰਾ। ਖਾਲੀ ਜੇਬ ਵਾਲਾ ਕੋਈ ਵੀ ਨੇਤਾ ਜਿਸ ਦੇ ਅੱਗੇ-ਪਿੱਛੇ ਕੋਈ ਨਹੀਂ, ਇਕ ਮਨ-ਲੁਭਾਊ ਨਾਹਰਾ ਦੇ ਕੇ ਪੰਜਾਬ ਉਤੇ ਰਾਜ ਕਰ ਸਕਦਾ ਹੈ। ਫਿਰ ਉਹ ਪਹਿਲਾਂ ਅਪਣਾ, ਅਪਣੇ ਸਾਥੀਆਂ ਦਾ ਢਿੱਡ ਭਰਦਾ ਹੈ, ਬਾਅਦ ਵਿਚ ਕਿਸੇ ਹੋਰ ਬਾਰੇ ਸੋਚਦਾ ਹੈ। ਇਸ ਵੇਲੇ ਦੇ ਮੁੱਖ ਮੰਤਰੀ ਜਿਸ ਨੂੰ ਪੰਜਾਬ ਦੇ ਲੋਕਾਂ ਦੀ ਹਰ ਮੰਗ, ਮੁਲਾਜ਼ਮਾਂ ਦੀ ਹਰ ਮੰਗ, ਕਿਸਾਨਾਂ ਦੀ ਹਰ ਮੰਗ, ਬੇਰੁਜ਼ਗਾਰਾਂ ਦੀ ਹਰ ਮੰਗ, ਮਜ਼ਦੂਰਾਂ ਦੀ ਹਰ ਮੰਗ, ਵਿਦਿਆਰਥੀਆਂ ਦੀ ਹਰ ਮੰਗ, ਪੰਚਾਇਤਾਂ ਦੀ ਹਰ ਮੰਗ, ਨੰਬਰਦਾਰਾਂ ਦੀ ਹਰ ਮੰਗ, ਸ਼ੂਗਰਮਿਲਾਂ ਦੀ ਹਰ ਮੰਗ, ਯੂਨੀਵਰਸਿਟੀਆਂ ਦੀ ਹਰ ਮੰਗ, ਡਾਕਟਰਾਂ ਦੀ ਹਰ ਮੰਗ, ਪੱਤਰਕਾਰਾਂ ਦੀ ਹਰ ਮੰਗ, ਕੱਚੇ ਮੁਲਾਜ਼ਮਾਂ ਦੀ ਹਰ ਮੰਗ, ਰੋਡਵੇਜ਼ ਕਾਮਿਆਂ ਦੀ ਹਰ ਮੰਗ, ਸਕੱਤਰੇਤ ਦੇ ਮੁਲਾਜ਼ਮਾਂ ਦੀ ਹਰ ਮੰਗ ਚੰਗੀ ਤਰ੍ਹਾਂ ਯਾਦ ਸੀ ਅਤੇ ਉਨ੍ਹਾਂ ਦੇ ਧਰਨਿਆਂ ਵਿਚ ਜਾ ਕੇ ਭਰੋਸਾ ਦਿੰਦਾ ਸੀ ਕਿ ਸਰਕਾਰ ਬਣਦਿਆਂ ਹੀ ਹਰ ਮੰਗ ਪੂਰੀ ਕੀਤੀ ਜਾਵੇਗੀ, ਹੁਣ ਉਹ ਹਰ ਵਰਗ ਦੀਆਂ ਮੰਗ ਲਈ ਕਮੇਟੀਆਂ ਜਾਂ ਸਬ ਕਮੇਟੀਆਂ ਬਣਾ ਕੇ ਇਨ੍ਹਾਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਿਹਾ ਹੈ। ਇਹ ਲੋਕਾਂ ਨੂੰ ਬਿਲਕੁਲ ਮੂਰਖ ਬਣਾਉਣ ਵਾਲੀ ਗੱਲ ਹੈ। ਹੁਣ ਉਸ ਨੂੰ ਅਪਣੇ ਨਵੇਂ ਵਿਆਹ ਦੀ ਸਾਲਗਿਰਾ ਅਤੇ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੱਥ ਲਾਉਣ ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਰਿਹਾ। ਇਹ ਸਿਆਸਤ ਦਾ ਸਭ ਡਿਗਿਆ ਹੋਇਆ ਰੂਪ ਹੈ। ਬਹੁ-ਮਤ ਦੇ ਮਤਾਂ ਤੇ ਭਾਵਨਾਵਾਂ ਦਾ ਖ਼ੂਨ ਹੈ। ਇਸ ਕਰਕੇ ਅੱਜ ਸੂਬੇ ਦਾ ਬਹੁਮਤ ਨਿਰਾਸ਼ ਹੈ, ਦਮ ਤੋੜ ਚੁੱਕਾ ਹੈ। ਜਿਹੜੇ ਲੋਕ ਮੁੱਖ ਮੰਤਰੀ ਦੇ ਚੁਟਕਲੇ ਸੁਣ ਕੇ, ਠਹਾਕੇ ਮਾਰ ਕੇ ਹੱਸਿਆ ਕਰਦੇ ਸਨ,ਅੱਜ ਉਨ੍ਹਾਂ ਨੂੰ ਚੁਟਕਲਿਆਂ ਵਿਚ ਕੋਈ ਦਿਲਚਸਪੀ ਨਹੀਂ ਰਹੀ, ਸਗੋਂ ਮੁੱਖ ਮੰਤਰੀ ਦਾ ਮਜ਼ਾਕ ਉਡਾ ਕੇ ਅਤੇ ਖ਼ੁਦ ਨੂੰ ਕੋਸ ਕੇ ਅੱਗੇ ਚਲੇ ਜਾਂਦੇ ਹਨ। ਅਸੀਂ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਭਰਮ-ਭੁਲੇਖੇ ਪੈਦਾ ਕਰਨ ਅਤੇ ਵਿਰੋਧੀ ਧਿਰਾਂ ਵਿਰੁਧ ਮਾਹੌਲ ਤਿਆਰ ਕਰਨ ਦੀ ਨੀਤੀ ਤਿਆਗ ਕੇ ਲੋਕ-ਪੱਖੀ ਨੀਤੀ ਉਤੇ ਕੰਮ ਕਰਨਾ ਚਾਹੀਦਾ ਹੈ। ਐਮ.ਐਸ.ਪੀ. ਅਤੇ ਇਕ ਹਜ਼ਾਰ ਰੁਪਏ ਪ੍ਰਤੀ ਔਰਤ ਸਮੇਤ ਉਹ ਸਾਰੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਜਿਹੜੇ ਉਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਸਨ।
ਮੁੱਖ ਸੰਪਾਦਕ