ਈਡੀ ਦੀ ਪੰਜਾਬ ਸਮੇਤ 6 ਰਾਜਾਂ ‘ਚ ਛਾਪੇਮਾਰੀ, ਕਈ ਦਵਾਈ ਕੰਪਨੀਆਂ ‘ਤੇ ਕਾਰਵਾਈ


ਚੰਡੀਗੜ੍ਹ, 18 ਜੂਨ (ਨਿਊਜ਼ ਟਾਊਨ ਨੈਟਵਰਕ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਵੱਖ-ਵੱਖ ਸੂਬਿਆਂ ਦੇ ਵਿਚ ਵੱਡਾ ਐਕਸ਼ਨ ਕੀਤਾ। ਈਡੀ ਵਲੋਂ ਪੰਜਾਬ, ਹਿਮਾਚਲ, ਯੂਪੀ, ਉੱਤਰਾਖੰਡ, ਰਾਜਸਥਾਨ ਅਤੇ ਮਹਾਰਾਸ਼ਟਰ ਵਿਚ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ। ਪੰਜਾਬ ਦੇ ਜਲੰਧਰ ਵਿਚ ਦਿਓਲ ਨਗਰ ਅਤੇ ਤਰਨਤਾਰਨ ਵਿਚ ਵੀ ਛਾਪੇ ਮਾਰੇ ਗਏ। ਜਲੰਧਰ ਈਡੀ ਟੀਮ ਨੇ ਪੰਜਾਬ ਵਿਚ ਇਹ ਛਾਪੇਮਾਰੀ ਕੀਤੀ। ਨਾਲ ਹੀ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਜਲੰਧਰ ਈਡੀ ਵਲੋਂ ਦਰਜ ਇਸ ਕੇਸ ਦੇ ਅਧਾਰ ‘ਤੇ ਇਕੱਠੇ ਛਾਪੇ ਮਾਰੇ ਗਏ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਜੁੜੇ ਸਰੋਤਾਂ ਨੇ ਇਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਨਸ਼ਾ ਤਸਕਰੀ ਗਿਰੋਹ ਨਾਲ ਸੰਬੰਧਤ ਮਨੀ ਲਾਂਡਰਿੰਗ ਦੀ ਜਾਂਚ ਹੇਠ 6 ਰਾਜਾਂ ਵਿਚ ਇਕੱਠੇ ਛਾਪੇ ਮਾਰੇ ਗਏ। ਦੱਸਣਯੋਗ ਹੈ ਕਿ ਸਾਲ 2024 ਵਿਚ ਪੰਜਾਬ ਪੁਲਿਸ ਵਲੋਂ ਦਰਜ ਕੀਤੇ ਕੇਸ ਨੂੰ ED ਜਲੰਧਰ ਵਲੋਂ ਟੇਕਓਵਰ ਕੀਤਾ ਗਿਆ ਸੀ। ਜਾਂਚ ਦੇ ਬਾਅਦ ਮੰਗਲਵਾਰ ਨੂੰ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।
2024 ਵਿਚ ਨਸ਼ਾ ਤਸਕਰੀ ਨਾਲ ਜੁੜਿਆ ਹੈ ਸਾਰਾ ਮਾਮਲਾ
ਇਨਫੋਰਸਮੈਂਟ ਡਾਇਰੈਕਟੋਰੇਟ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਧਨ ਸ਼ੋਧਨ ਨਿਵਾਰਣ ਕਾਨੂੰਨ (ਪੀਐਮਐਲਏ) ਤਹਿਤ ਦਰਜ ਮਾਮਲੇ ਅਧੀਨ ਕੀਤੀ ਗਈ ਹੈ। ਜਲੰਧਰ ਵਿਚ ਛਾਪੇਮਾਰੀ ਟ੍ਰਾਮਾਡੋਲ ਦੀ ਸਪਲਾਈ ਦੇ ਮਾਮਲੇ ‘ਚ ਗ੍ਰਿਫਤਾਰ ਹੋਏ ਇਮਤਿਆਜ਼ ਸਲਮਾਨੀ ਦੇ ਦੇਓਲ ਨਗਰ ਸਥਿਤ ਘਰ ‘ਤੇ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵਲੋਂ ਐਨਡੀਪੀਸੀ ਐਕਟ ਅਧੀਨ ਦੋ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਕ ਕਥਿਤ ਦਲਾਲ ਐਲੈਕਸ ਪਾਲੀਵਾਲ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
ਕਈ ਕੰਪਨੀਆਂ ਦੇ ਦਫਤਰਾਂ ‘ਚ ਵੀ ਪਹੁੰਚੀਆਂ ਈਡੀ ਦੀਆਂ ਟੀਮਾਂ
ਏਜੰਸੀ ਨੇ ਮਾਮਲੇ ਵਿਚ ਕੁਝ ਵਿਅਕਤੀਆਂ ਦੇ ਘਰਾਂ ਦੇ ਨਾਲ-ਨਾਲ ਬਾਇਓਜ਼ੇਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਸੀਬੀ ਹੈਲਥਕੇਅਰ, ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਸੋਲ ਹੈਲਥਕੇਅਰ (ਆਈ) ਪ੍ਰਾਈਵੇਟ ਲਿਮਟਿਡ ਅਤੇ ਐਸਟਰ ਫਾਰਮਾ ਵਰਗੀਆਂ ਦਵਾਈ ਕੰਪਨੀਆਂ ਦੇ ਦਫਤਰਾਂ ਨੂੰ ਵੀ ਜਾਂਚ ਦੇ ਦਾਇਰੇ ਵਿਚ ਲਿਆ।
ਪਿਛਲੇ ਸਾਲ ਪੰਜਾਬ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਸ਼ੀਲੀ ਦਵਾਈਆਂ ਬਣਾਉਣ ਵਾਲੀਆਂ ਫਾਰਮਾ ਕੰਪਨੀਆਂ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ।