ਬਠਿੰਡਾ ‘ਚ ਡੀ.ਐਸ.ਪੀ. ਦਾ ਰੀਡਰ ਲੱਖ ਰੁਪਏ ਰਿਸ਼ਵਤ ਲੈਂਦੇ ਫੜ੍ਹਿਆ


ਚੰਡੀਗੜ੍ਹ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਬਠਿੰਡਾ ਜਿ਼ਲ੍ਹੇ ਵਿਚ ਡੀਐਸਪੀ ਭੁੱਚੋ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਵਜੋਂ ਤਾਇਨਾਤ ਹੌਲਦਾਰ ਰਾਜ ਕੁਮਾਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਦੋਸ਼ੀ ਪੁਲਿਸ ਅਧਿਕਾਰੀ ਨੂੰ ਜਿਲ੍ਹਾ ਬਠਿੰਡਾ ਦੀ ਤਹਿਸੀਲ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਮੁਤਾਬਕ ਖੇਤੀਬਾੜੀ ਵਾਲੀ ਜ਼ਮੀਨ ਦੇ ਵਿਵਾਦ ਕਾਰਨ ਵਿਰੋਧੀ ਧਿਰ ਨੇ ਉਸਦੇ ਪਤੀ ਅਤੇ ਉਸਦੇ ਦੋਵੇਂ ਪੁੱਤਰਾਂ ਵਿਰੁੱਧ ਥਾਣਾ ਨਥਾਣਾ ਵਿਖੇ ਝੂਠਾ ਕੇਸ ਦਰਜ ਕਰਵਾਇਆ ਸੀ, ਜਿਸਦੀ ਜਾਂਚ ਡੀਐਸਪੀ ਭੁੱਚੋ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਰਾਜ ਕੁਮਾਰ, ਰੀਡਰ ਨੇ ਉਸਦੇ ਮੋਬਾਈਲ ਨੰਬਰ ਤੋਂ ਦੋ ਫੋਨ ਕੀਤੇ ਅਤੇ ਦੱਸਿਆ ਕਿ ਉਸਨੇ ਇਸ ਮੁੜ ਜਾਂਚ ਕਰਨ ਲਈ ਡੀਐਸਪੀ ਨਾਲ ਗੱਲ ਕੀਤੀ ਹੈ ਅਤੇ ਰਿਪੋਰਟ ‘ਤੇ ਸਿਰਫ਼ ਡੀਐਸਪੀ ਦੇ ਦਸਤਖਤ ਹੀ ਬਾਕੀ ਹਨ। ਕੇਸ ਨੂੰ ਰਫ਼ਾ-ਦਫ਼ਾ ਕਰਵਾਉਣ ਲਈ ਉਸਨੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਦੋਸ਼ੀ ਰਾਜ ਕੁਮਾਰ ਨੇ ਸਿ਼ਕਾਇਤਕਰਤਾ ਨੂੰ ਕਿਹਾ ਕਿ ਪਹਿਲੀ ਕਿਸ਼ਤ ਵਜੋਂ ਤੁਰੰਤ ਇਕ ਲੱਖ ਰੁਪਏ ਦੇਵੇ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕੇ। ਸਿ਼ਕਾਇਤਕਰਤਾ ਨੇ ਇਹ ਗੱਲਬਾਤ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕਰ ਲਈ ਅਤੇ ਇਸਨੂੰ ਬਤੌਰ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿਤਾ।
ਜਾਂਚ ਤੋਂ ਬਾਅਦ ਬਠਿੰਡਾ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਹੌਲਦਾਰ ਰਾਜ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ ਇਕ ਲੱਖ ਰੁਪਏ ਲੈਂਦੇ ਸਮੇਂ ਕਾਬੂ ਕਰ ਲਿਆ। ਮੌਕੇ ‘ਤੇ ਉਸਦੇ ਕਬਜ਼ੇ ਵਿਚੋਂ ਹੀ ਰਿਸ਼ਵਤ ਦਾ ਪੈਸਾ ਬਰਾਮਦ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਪੁਲਿਸ ਥਾਣਾ ਬਠਿੰਡਾ ਰੇਂਜ ਵਿਚ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜੇਕਰ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ।
