ਯੁੱਧ ਨਸ਼ਿਆਂ ਵਿਰੁੱਧ ਤਹਿਤ 120ਵੇਂ ਦਿਨ 114 ਨਸ਼ਾ ਸਮੱਗਲਰ ਗ੍ਰਿਫ਼ਤਾਰ


ਚੰਡੀਗੜ੍ਹ, 30 ਜੂਨ ( ਨਿਊਜ਼ ਟਾਊਨ ਨੈੱਟਵਰਕ ) ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 120ਵੇਂ ਦਿਨ ਪੰਜਾਬ ਪੁਲਸ ਨੇ ਐਤਵਾਰ ਨੂੰ 114 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 4.1 ਕਿੱਲੋ ਹੈਰੋਇਨ ਅਤੇ 9.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਕੁੱਲ੍ਹ ਨਸ਼ਾ ਸਮੱਗਲਰਾਂ ਦੀ ਗਿਣਤੀ 19,735 ਹੋ ਗਈ ਹੈ।
ਸਪੈਸ਼ਲ ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 85 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਸ ਕਰਮਚਾਰੀਆਂ ਦੀ ਸ਼ਮੂਲੀਅਤ ਵਾਲੀਆਂ 180 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ’ਚ 367 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 77 ਐੱਫ਼. ਆਈ. ਆਰਜ਼ ਦਰਜ ਕੀਤੀਆਂ। ਆਪ੍ਰੇਸ਼ਨ ਦੌਰਾਨ 399 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ 54 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ-ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਗਿਆ।
ਇਸ ਦੇ ਨਾਲ ਹੀ ਪੁਲਸ ਟੀਮਾਂ ਵੱਲੋਂ ਐਤਵਾਰ ਨੂੰ ਕਮਿਸ਼ਨਰੇਟ ਜਲੰਧਰ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ, ਜਲੰਧਰ ਦਿਹਾਤੀ, ਕਪੂਰਥਲਾ ਅਤੇ ਰੂਪਨਗਰ ਸਮੇਤ 6 ਜ਼ਿਲ੍ਹਿਆਂ ’ਚ 332 ਦਵਾਈਆਂ ਦੀਆਂ ਦੁਕਾਨਾਂ (ਮੈਡੀਕਲਾਂ) ਦੀ ਜਾਂਚ ਵੀ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਵੱਲੋਂ ਕਿਤੇ ਕੋਈ ਨਸ਼ੀਲੀਆਂ ਗੋਲ਼ੀਆਂ ਜਾਂ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਤਾਂ ਨਹੀਂ ਵੇਚੀਆਂ ਜਾ ਰਹੀਆਂ ਤੇ ਉਹ ਦਵਾਈਆਂ ਦੀ ਵਿਕਰੀ ਸਬੰਧੀ ਨਿਰਧਾਰਤ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ ਜਾਂ ਨਹੀਂ।