ਕੇਂਦਰ ਦੇ ਕਰਮਚਾਰੀਆਂ ਦੀ ਦੀਵਾਲੀ, ਪੰਜਾਬ ਦੇ ਕਰਮਚਾਰੀਆਂ ਦਾ ਦੀਵਾਲਾ!

(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 1 ਅਕਤੂਬਰ : ਕੇਂਦਰ ਸਰਕਾਰ ਨੇ ਅਪਣੇ ਕਰਮਚਾਰੀਆਂ ਦਾ ਤਿੰਨ ਫ਼ੀ ਸਦੀ ਮਹਿੰਗਾਈ ਵਧਾਉਣ ਦਾ ਐਲਾਨ ਕੀਤਾ ਹੈ। ਇਹ ਮਹਿੰਗਾਈ ਭੱਤਾ 1 ਜੁਲਾਈ 2025 ਤੋਂ ਲਾਗੂ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਜੁਲਾਈ, ਅਗੱਸਤ ਅਤੇ ਸਤੰਬਰ ਦੇ ਮਹੀਨਿਆਂ ਦਾ ਬਕਾਇਆ ਅਕਤੂਬਰ ਲਈ ਉਨ੍ਹਾਂ ਦੀਆਂ ਤਨਖ਼ਾਂਹਾਂ ਅਤੇ ਪੈਨਸ਼ਨਾਂ ਦੇ ਨਾਲ ਮਿਲੇਗਾ। ਇਸ ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਘਰੇਲੂ ਬਜਟ ਵਿਚ ਰਾਹਤ ਮਿਲੇਗੀ। DA ਅਤੇ DR ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦਾ ਇਕ ਮਹੱਤਵਪੂਰਨ ਹਿੱਸਾ ਹਨ। ਇਹਨਾਂ ਨੂੰ ਹਰ ਸਾਲ ਜਨਵਰੀ ਅਤੇ ਜੁਲਾਈ ਵਿਚ ਸੋਧਿਆ ਜਾਂਦਾ ਹੈ। ਇਸ ਸਾਲ ਮਾਰਚ ਵਿਚ ਸਰਕਾਰ ਨੇ 2 ਫ਼ੀ ਸਦੀ ਵਾਧੇ ਦਾ ਐਲਾਨ ਵੀ ਕੀਤਾ, ਜਿਸ ਨਾਲ ਮਹਿੰਗਾਈ ਭੱਤਾ 55 ਫ਼ੀ ਸਦੀ ਹੋ ਗਿਆ। ਹੁਣ ਤਾਜ਼ਾ ਵਾਧੇ ਦੇ ਨਾਲ ਇਹ 58 ਫ਼ੀ ਸਦੀ ਤਕ ਪਹੁੰਚ ਗਿਆ ਹੈ। ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ ਗਣਨਾ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਇਕ ਫਾਰਮੂਲੇ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੀ ਲਾਗਤ ਨੂੰ ਸੰਤੁਲਤ ਕਰਨਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਇਸ ਵੇਲੇ ਅਪਣੇ ਕਰਮਚਾਰੀਆਂ ਨੂੰ 42 ਫ਼ੀ ਸਦੀ ਮਹਿੰਗਾਈ ਭੱਤਾ ਹੀ ਦੇ ਰਹੀ ਹੈ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਨੇ ਅਪਣੇ ਮੁਲਾਜ਼ਮਾਂ ਦਾ ਭੱਤਾ ਵਧਾ ਦਿਤਾ ਹੈ ਜਿਸ ਕਾਰਨ ਉਹ ਖ਼ੁਸ਼ੀ-ਖ਼ੁਸ਼ੀ ਦੀਵਾਲੀ ਮਨਾਉਣਗੇ ਪਰ ਪੰਜਾਬ ਸਰਕਾਰ ਨੇ ਕਈ ਸਾਲਾਂ ਤੋਂ ਮਹਿੰਗਾਈ ਭੱਤਾ ਰੋਕਿਆ ਹੋਇਆ ਹੈ। ਕੇਂਦਰ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਵਿਚਲੇ ਮਹਿੰਗਾਈ ਭੱਤੇ ਵਿਚ 18 ਫ਼ੀ ਸਦੀ ਮਹਿੰਗਾਈ ਭੱਤੇ ਦਾ ਫ਼ਰਕ ਹੈ।
