ਵੱਡੀ ਖ਼ਬਰ : ਪੰਜਾਬ ਤੋਂ ਚਾਮੁੰਡਾ ਦੇਵੀ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ, 4 ਦੀ ਮੌਤ ਤੇ 29 ਦੇ ਕਰੀਬ ਜ਼ਖ਼ਮੀ


ਹਿਮਾਚਲ ਪ੍ਰਦੇਸ਼, 16 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਚਾਮੁੰਡਾ ਧਰਮਸ਼ਾਲਾ ਸੜਕ ਹਾਦਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਜਾਣ ਅਤੇ 29 ਦੇ ਕਰੀਬ ਸ਼ਰਧਾਲੂਆਂ ਦੀ ਜ਼ਖ਼ਮੀ ਹੋ ਜਾਣ ਦਾ ਪਤਾ ਲੱਗਾ ਹੈ। ਇਕੱਤਰ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਤੋਂ ਕੁਝ ਸ਼ਰਧਾਲੂ ਮਹਿੰਦਰਾ ਪਿਕਅੱਪ ਗੱਡੀ ਰਾਹੀਂ ਚਾਮੁੰਡਾ ਦੇਵੀ ਮੰਦਰ ‘ਚ ਦਰਸ਼ਨ ਕਰਨ ਲਈ ਗਏ ਸਨ। ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕ ਅੱਪ ਗੱਡੀ ਵਾਪਸ ਭਾਗੀਕੇ ਆਉਣ ਸਮੇਂ ਚਾਮੁੰਡਾ ਧਰਮਸ਼ਾਲਾ ਮਾਰਗ ‘ਤੇ ਹੋਏ ਸੜਕੀ ਹਾਦਸੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਸ਼ਰਧਾਲੂਆਂ (ਇੱਕ ਔਰਤ ਅਤੇ ਦੋ ਆਦਮੀਆਂ) ਦੀ ਰਜਿੰਦਰਾ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਭਾਗੀਕੇ ਵਿਖੇ ਸ਼ੋਕ ਦੀ ਲਹਿਰ ਦੌੜ ਗਈ।